ਡਾਕਟਰਾਂ ਦੀ ਅਣਗਹਿਲੀ ਨੇ ਕੀਤਾ ਦਲਿਤ ਪਰਿਵਾਰ ਬਰਬਾਦ

ਡਾਕਟਰਾਂ ਦੀ ਅਣਗਹਿਲੀ ਕਾਰਨ ਪਤਨੀ ਦੇ ਖਰਾਬ ਹੋਏ ਗੁਰਦਿਆਂ ਅਤੇ ਇਲਾਜ ਤੋਂ ਅਸਮਰਥ ਹਿਮਾਚਲ ਵਾਸੀ ਇੱਕ ਗਰੀਬ ਦਲਿਤ ਨੇ ਇਨਸਾਫ ਅਤੇ ਮੱਦਦ ਲਈ ਡਿਪਟੀ ਕਮਿਸ਼ਨਰ ਊਨਾ ਦਫਤਰ ਅੱਗੇ ਸ਼ੁਰੂ ਕੀਤਾ ਮਰਨ ਵਰਤ।

05 ਮਾਰਚ, 2014 (ਕੁਲਦੀਪ ਚੰਦ) ਡਾਕਟਰ ਨੂੰ ਰੱਬ ਦਾ ਰੂਪ ਮੰਨਿਆ ਜਾਂਦਾ ਹੈ ਪਰ ਜੇਕਰ ਕੋਈ ਡਾਕਟਰ ਥੋੜੀ ਜਿਹੀ ਅਣਗਹਿਲੀ ਕਰ ਦੇਵੇ ਤਾਂ ਮਰੀਜ ਰੱਬ ਕੋਲ ਪਹੁੰਚ ਜਾਂਦਾ ਹੈ। ਕੁੱਝ ਅਜਿਹਾ ਹੀ ਵਾਪਰਿਆ ਨੰਗਲ ਨਾਲ ਲੱਗਦੇ ਪਿੰਡ ਜਖੇੜਾ ਜਿਲ੍ਹਾ ਊਨਾ ਹਿਮਾਚਲ ਪ੍ਰਦੇਸ਼ ਦੀ ਦਲਿਤ ਮਹਿਲਾ ਮਰੀਜ ਡਿੰਪਲ ਨਾਲ ਜਿਸਦੇ ਗੁਰਦੇ ਬੀ ਬੀ ਐਮ ਬੀ ਹਸਪਤਾਲ ਨੰਗਲ ਦੀਆਂ ਮਹਿਲਾ ਡਾਕਟਰਾਂ ਦੀ ਅਣਗਿਹਲੀ ਅਤੇ ਲਾਪਰਵਾਹੀ ਕਾਰਨ ਖਰਾਬ ਹੋ ਗਏ ਅਤੇ ਹੁਣ ਤੱਕ ਲੱਖਾਂ ਰੁਪਏ ਦਾ ਇਲਾਜ ਕਰਵਾਣਾ ਪਿਆ। ਇਨਸਾਫ ਅਤੇ ਮੱਦਦ ਨਾਂ ਮਿਲਣ ਕਾਰਨ ਦੁਖੀ ਹੋ ਚੁੱਕੇ ਸੰਜੇ ਸਿੰਘ ਨੇ ਹੁਣ ਹਿਮਾਚਲ ਪ੍ਰਦੇਸ਼ ਦੇ ਜਿਲ੍ਹਾ ਊਨਾ ਡਿਪਟੀ ਕਮਿਸ਼ਨਰ ਦਫਤਰ ਅੱਗੇ ਭੁੱਖ ਹੜਤਾਲ ਤੇ ਮਰਨ ਵਰਤ ਸ਼ੁਰੂ ਕੀਤਾ ਹੈ। ਸੰਜੇ ਸਿੰਘ ਨੇ ਦੱਸਿਆ ਕਿ ਡਿੰਪਲ 23 ਅਪ੍ਰੈਲ 2011 ਨੂੰ ਬੀ ਬੀ ਐਮ ਬੀ ਹਸਪਤਾਲ ਨੰਗਲ ਅਪਣੇ ਇਲਾਜ ਲਈ ਗਈ ਜਿੱਥੇ ਜਾਕੇ ਉਸਨੂੰ ਹਾਜਰ ਮਹਿਲਾ ਡਾਕਟਰ ਨੇ ਦੱਸਿਆ ਕਿ ਉਹ ਗਰਭਵਤੀ ਹੈ। ਡਿੰਪਲ ਦੇ ਪਤੀ ਸੰਜੇ ਸਿੰਘ ਨੇ ਦੱਸਿਆ ਕਿ ਪਹਿਲਾਂ ਹੀ ਘਰ ਵਿੱਚ 6-7 ਮਹੀਨੇ ਦਾ ਬੱਚਾ ਹੋਣ ਕਾਰਨ ਉਹ ਅਜੇ ਤੱਕ ਦੂਜਾ ਬੱਚਾ ਨਹੀਂ ਚਾਹੁੰਦੇ ਸਨ ਅਤੇ ਡਾਕਟਰ ਨੇ ਆਬਰਸ਼ਨ ਲਈ ਦਵਾਈ ਦੇ ਦਿਤੀ। ਇਸਤੋਂ ਬਾਦ ਜਦੋਂ 2 ਮਈ 2011 ਨੂੰ ਮਰੀਜ ਦੀ ਹਾਲਤ ਖਰਾਬ ਹੋ ਗਈ ਤਾਂ ਉਹ ਫਿਰ ਹਸਪਤਾਲ ਪਹੁੰਚੇ ਪਰ ਡਾਕਟਰ ਨੇ ਚੈਕ ਕਰਨ ਤੋਂ ਬਾਦ ਵਾਪਸ ਭੇਜ ਦਿਤਾ। ਉਸਨੇ ਦੱਸਿਆ ਕਿ ਉਹ ਮਰੀਜ ਦੀ ਵਿਗੜਦੀ ਹਾਲਤ ਨੂੰ ਲੈਕੇ 9 ਮਈ ਨੂੰ ਐਮਰਜੈਂਸੀ ਵਿੱਚ ਪਹੁੰਚੇ ਅਤੇ ਡਾਕਟਰਾਂ ਨੇ ਮਰੀਜ ਨੂੰ ਦਾਖਲ ਕਰ ਲਿਆ। ਇਸਤੋਂ ਬਾਦ ਮਹਿਲਾ ਰੋਗ ਮਾਹਿਰ ਡਾਕਟਰ ਨੇ ਖੂਨ ਚੜਵਾਇਆ ਅਤੇ ਦਵਾਈ ਸ਼ੁਰੂ ਕੀਤੀ ਪਰ ਮਰੀਜ ਦੀ ਹਾਲਤ ਵਿਗੜਦੀ ਗਈ। ਉਸਨੇ ਦੱਸਿਆ ਕਿ 10 ਮਈ ਨੂੰ ਮਰੀਜ ਨੂੰ ਪੀ ਜੀ ਆਈ ਚੰਡੀਗੜ ਰੈਫਰ ਕਰ ਦਿਤਾ। ਉਸਨੇ ਦੱਸਿਆ ਕਿ ਪੀ ਜੀ ਆਈ ਦੇ ਡਾਕਟਰਾਂ ਨੇ ਲਿਖਤੀ ਰੂਪ ਵਿੱਚ ਦੱਸਿਆ ਹੈ ਕਿ ਬੀ ਬੀ ਐਮ ਬੀ ਹਸਪਤਾਲ ਨੰਗਲ ਦੇ ਡਾਕਟਰਾਂ ਵਲੋਂ ਕੀਤੇ ਗਏ ਇਲਾਜ ਕਾਰਨ ਮਰੀਜ ਦੇ ਗੁਰਦੇ ਫੇਲ ਹੋਏ ਹਨ ਅਤੇ ਹੁਣ ਮਰੀਜ ਦਾ ਡਾਇਲਿਸਿਸ ਕਰਵਾਣਾ ਪੈਂਦਾ ਹੈ। ਸੰਜੇ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੇ ਇਸਦੀ ਸਿਕਾਇਤ ਪੁਲਿਸ ਅਤੇ ਸਿਹਤ ਵਿਭਾਗ ਨੂੰ ਕੀਤੀ ਸੀ ਪਰ ਇਸ ਸਬੰਧੀ ਕੋਈ ਕਾਰਵਾਈ ਨਹੀਂ ਹੋਈ ਉਲਟ ਬੀ ਬੀ ਐਮ ਬੀ ਹਸਪਤਾਲ ਦੇ ਡਾਕਟਰਾਂ ਨੇ ਸਾਨੂੰ ਹੀ ਧਮਕੀਆਂ ਦਿਤੀਆਂ ਹਨ। ਉਨ੍ਹਾਂ ਦੱਸਿਆ ਕਿ ਸਿਵਲ ਸਰਜਨ ਰੂਪਨਗਰ ਵਲੋਂ ਬਣਾਈ ਗਈ ਜਾਂਚ ਕਮੇਟੀ ਵਿੱਚ ਵੀ ਇਹ ਡਾਕਟਰ ਨਾਂ ਪਹੁੰਚੇ ਅਤੇ ਇਸ ਹਸਪਤਾਲ ਨੇ ਅਪਣੇ ਹੀ ਡਾਕਟਰਾਂ ਦੀ ਕਮੇਟੀ ਬਣਾਕੇ ਜਾਂਚ ਦੇ ਨਾਮ ਤੇ ਖਾਨਾਪੂਰਤੀ ਕੀਤੀ ਹੈ। ਸੰਜੇ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੇ ਮਾਣਯੋਗ ਰਾਸ਼ਟਰਪਤੀ, ਚੇਅਰਮੈਨ ਰਾਸ਼ਟਰੀ ਮਨੁਖੀ ਅਧਿਕਾਰ ਆਯੋਗ, ਮੁੱਖ ਮੰਤਰੀ ਪੰਜਾਬ, ਸਿਹਤ ਮੰਤਰੀ ਪੰਜਾਬ ਸਰਕਾਰ, ਚੇਅਰਮੈਨ ਬੀ ਬੀ ਐਮ ਬੀ, ਡਿਪਟੀ ਕਮਿਸਨਰ ਰੂਪਨਗਰ, ਐਸ ਐਸ ਪੀ ਰੂਪਨਗਰ, ਮੈਡੀਕਲ ਕਾਂਉਸਿਲ ਆਫ ਇੰਡੀਆ, ਐਸ ਪੀ ਊਨਾ, ਡਿਪਟੀ ਕਮਿਸ਼ਨਰ ਊਨਾ ਆਦਿ ਸਮੇਤ ਸਿਹਤ ਵਿਭਾਗ ਦੇ ਅਧਿਕਾਰੀਆਂ ਨੂੰ ਕਈ ਵਾਰ ਸ਼ਿਕਾਇਤਾਂ ਭੇਜੀਆਂ ਪਰੰਤੂ ਹੁਣ ਤੱਕ ਉਸਨੂੰ ਖੱਜਲ ਖੁਆਰੀ ਤੋਂ ਇਲਾਵਾ ਕੁੱਝ ਵੀ ਹਾਸਲ ਨਹੀਂ ਹੋਇਆ ਹੈ। ਉਸਨੇ ਦੱਸਿਆ ਕਿ ਇਸ ਦੌਰਾਨ ਉਸਨੇ ਲੱਖਾਂ ਰੁਪਏ ਦਾ ਕਰਜਾ ਲੈਕੇ ਅਪਣੀ ਪਤਨੀ ਦਾ ਇਲਾਜ ਕਰਵਾਇਆ ਹੈ ਪਰ ਹੁਣ ਕੋਈ ਵੀ ਵਿਅਕਤੀ ਉਸਨੂੰ ਹੋਰ ਕਰਜਾ ਨਹੀਂ ਦੇ ਰਿਹਾ ਹੈ। ਉਸਨੇ ਦੱਸਿਆ ਕਿ ਕਰਜੇ ਕਾਰਨ ਉਸਦਾ ਰਹਿਣ ਵਾਲਾ ਘਰ ਤੱਕ ਗਿਰਵੀ ਪਿਆ ਹੈ ਅਤੇ ਹੁਣ ਉਹ ਅਪਣੀ ਪਤਨੀ ਦਾ ਹੋਰ ਇਲਾਜ ਕਰਵਾਉਣ ਤੋਂ ਅਸਮਰਥ ਹੈ। ਉਨਾਂ ਦੱਸਿਆ ਕਿ ਆਖਿਰ ਹਰ ਪਾਸਿਓਂ ਦੁਖੀ ਹੋਕੇ ਉਸਨੇ ਇਹ ਕਦਮ ਚੁਕਿੱਆ ਹੈ ਅਤੇ ਇਹ ਮਰਨ ਵਰਤ ਉਦੋਂ ਹੀ ਖਤਮ ਕਰਨਗੇ ਜਦੋਂ ਉਨ੍ਹਾਂ ਦੀ ਪਤਨੀ ਦੇ ਇਲਾਜ ਦਾ ਪ੍ਰਬੰਧ ਕੀਤਾ ਜਾਵੇਗਾ ਅਤੇ ਇਲਾਜ ਵਿੱਚ ਕੋਤਾਹੀ ਲਈ ਜਿੰਮੇਵਾਰ ਡਾਕਟਰਾਂ ਖਿਲਾਫ ਬਣਦੀ ਕਨੂੰਨੀ ਕਾਰਵਾਈ ਕੀਤੀ ਜਾਵੇਗੀ। ਇਸ ਸਬੰਧੀ ਡਿਪਟੀ ਕਮਿਸ਼ਨਰ ਅਭਿਸ਼ੇਕ ਜੈਨ ਨੇ ਦੱਸਿਆ ਕਿ ਮਾਮਲਾ ਪੰਜਾਬ ਨਾਲ ਸਬੰਧਿਤ ਹੋਣ ਕਾਰਨ ਹਿਮਾਚਲ ਸਰਕਾਰ ਵਲੋਂ ਕੋਈ ਕਾਰਵਾਈ ਨਹੀਂ ਕੀਤੀ ਜਾ ਸਕਦੀ ਹੈ।