ਸ਼੍ਰੀ ਗੁਰੂ ਰਵਿਦਾਸ ਜੀ ਦੀ ਜੀਵਨੀ ਸਬੰਧੀ ਜਾਣਕਾਰੀ ਦਾ ਪੋਸਟਰ ਜਾਰੀ ਕੀਤਾ ਗਿਆ

09-02-2014 (ਜਲੰਧਰ) ਸ਼੍ਰੀ ਗੁਰੂ ਰਵਿਦਾਸ ਵੈਲਫੇਅਰ ਸੁਸਾਇਟੀ ਅਜਮਾਨ, ਯੂ ਏ ਈ ਵਲੋਂ ਸਤਿਗੁਰੂ ਰਵਿਦਾਸ ਜੀ ਮਹਾਰਾਜ ਦੀ ਜੀਵਨੀ ਅਤੇ ਫਲਸਫੇ ਦੇ ਪ੍ਰਚਾਰ ਹਿੱਤ ਕੀਤੀਆਂ ਜਾਂਦੀਆਂ ਕੋਸ਼ਿਸ਼ਾਂ ਦੇ ਤਹਿਤ ਇੱਕ ਧਾਰਮਿਕ ਕੈਲੰਡਰ ਜਾਰੀ ਕੀਤਾ ਗਿਆ। ਸਭਾ ਦੇ ਸਕੱਤਰ ਸ. ਬਲਵਿੰਦਰ ਸਿੰਘ ਨੇ ਦੱਸਿਆ ਕਿ ਸੁਸਾਇਟੀ 2003 ਵਿੱਚ ਬਣਾਈ ਗਈ ਸੀ।ਦੁਬਈ ਵਿਖੇ ਸਭਾ ਵਲੋਂ ਸਾਰੇ ਮਹਾਂਪੁਰਸ਼ਾਂ ਦੇ ਜਨਮ ਦਿਹਾੜੇ ਸਾਰੇ ਧਰਮਾਂ ਦੇ ਵਰਗਾਂ ਵਲੋਂ ਰਲ ਮਿਲਕੇ ਸ਼ਰਧਾ ਨਾਮ ਮਨਾਏ ਜਾਂਦੇ ਹਨ। ਪੰਜਾਬ ਤੋਂ ਪਹੁੰਚੇ ਸੰਤਾਂ ਤੇ ਪ੍ਰਚਾਰਕਾਂ ਨੂੰ ਸਹਿਯੋਗ ਦਿੱਤਾ ਜਾਂਦਾ ਹੈ ਤੇ ਵੱਖ ਵੱਖ ਗੁਰੂ ਘਰਾਂ ਚ ਜਾਕੇ ਦੀਵਾਨ ਸਜਾਏ ਜਾਂਦੇ ਹਨ।ਸਭਾ ਵਲੋਂ ਹੁਣ ਤੱਕ 149 ਅਨਾਥ ਲੜਕੀਆਂ ਦੇ ਵਿਆਹ ਲਈ ਮਾਲੀ ਮਦਦ ਕੀਤੀ ਜਾ ਚੁੱਕੀ ਹੈ। ਜਿੰਨ੍ਹਾਂ ਲੋਕਾਂ ਦੀ ਦੁਬਈ ਵਿੱਚ ਮੌਤ ਹੋ ਜਾਂਦੀ ਹੈ ਪਰ ਉਨ੍ਹਾਂ ਦਾ ਕੋਈ ਵਾਰਿਸ ਨਹੀ ਹੁੰਦਾ ਉਨ੍ਹਾਂ ਦੀਆਂ ਮਿਰਤਕ ਦੇਹਾਂ ਪੰਜਾਬ ਭੇਜਣ ਦਾ ਪ੍ਰਬੰਧ ਸੁਸਾਇਟੀ ਵਲੋਂ ਕੀਤਾ ਜਾਂਦਾ ਹੈ ਅਤੇ ਭਾਰਤੀ ਕੌਂਸਲ ਖਾਨੇ ਪਾਸੋਂ ਮਿਰਤਕ ਪ੍ਰੀਵਾਰਾਂ ਦੀ ਮਦਦ ਵੀ ਕਰਵਾਈ ਜਾਂਦੀ ਹੈ। ਸੁਸਾਇਟੀ ਹੁਣ ਤੱਕ 146 ਮਿਰਤਕ ਦੇਹਾਂ ਪੰਜਾਬ ਭੇਜ ਚੁੱਕੀ ਹੈ।ਐਕਸੀਡੈਂਟ ਜਾਂ ਨਾਜਾਇਜ਼ ਮਾਮਲਿਆਂ ਵਿੱਚ ਜੇਲ ਗਏ ਲੋਕਾਂ ਦੀ ਮਦਦ ਕਰਦੀ ਹੈ। ਪਿੰਡ ਨਿੱਜਰਾਂ ਦੇ ਇੱਕ ਵਿਅਕਤੀ ਦੀ ਫਾਂਸੀ ਦੀ ਸਜ਼ਾ ਦੇ ਮਾਮਲੇ ਵਿੱਚ 1 ਲੱਖ 63 ਹਜ਼ਾਰ ਦਿਰਾਮ ਮੁਆਵਜ਼ਾ ਦੇਕੇ ਉਸਦੀ ਫਾਂਸੀ ਦੀ ਸਜ਼ਾ ਮਾਫ ਕਰਾਈ ਗਈ।ਸੜਕ ਹਾਦਸੇ ਵਿੱਚ ਫਗਵਾੜਾ ਦੇ ਨਜ਼ਦੀਕੀ ਪਿੰਡ ਦੇ ਜੋ ਦੋ ਵਿਅਕਤੀ ਮਾਰੇ ਗਏ ਸਨ ਉਨ੍ਹਾਂ ਦੇ ਪਰਿਵਾਰਾਂ ਨੂੰ 30-30 ਲੱਖ ਰੁਪੈ ਦਿਲਵਾਏ ਗਏ। ਸਭਾ ਨਸ਼ਿਆਂ, ਦਾਜ-ਦਹੇਜ ਅਤੇ ਹੋਰ ਸਮਾਜਿਕ ਬੁਰਾਈਆਂ ਨੂੰ ਖਤਮ ਕਰਨ ਦੇ ਉਪਰਾਲੇ ਵੀ ਕਰਦੀ ਹੈ। ਗਰੀਬ ਅਤੇ ਅਨਾਥ ਬੱਚਿਆਂ ਦੀ ਪੜ੍ਹਾਈ ਲਈ ਵੀ ਸੁਸਾਇਟੀ ਯਤਨਸ਼ੀਲ ਰਹਿੰਦੀ ਹੈ। ਸੁਸਾਇਟੀ ਦੇ ਚੇਅਰਮੈਨ ਸ਼੍ਰੀ ਬਖਸ਼ੀ ਰਾਮ ਪਾਲ ਅਤੇ ਪਰਧਾਨ ਸ਼੍ਰੀ ਰੂਪ ਲਾਲ ਸਿੱਧੂ ਤੇ ਹੋਰਨਾਂ ਅਹੁਦੇਦਾਰਾਂ ਦੀਆਂ ਕੋਸ਼ਿਸ਼ਾਂ ਸਦਕਾ ਇਹ ਲੋਕ ਭਲਾਈ ਦੇ ਕਾਰਜ ਹੋ ਰਹੇ ਹਨ। ਉਨ੍ਹਾਂ ਕਿਹਾ ਕਿ ਸਭਾ ਵਲੋਂ ਧਾਰਮਿਕ ਪੇਪਰ, ਸੋਵੀਨਾਰ ਤੇ ਦੂਰਦਰਸ਼ਨ ਤੇ ਵੀ ਜਲਦੀ ਹੀ ਮਹਾਂਪੁਰਸ਼ਾਂ ਦੇ ਪ੍ਰਚਾਰ ਹਿੱਤ ਇੱਕ ਧਾਰਮਿਕ ਪ੍ਰੋਗਰਾਮ ਸ਼ੁਰੂ ਕੀਤਾ ਜਾ ਰਿਹਾ ਹੈ। ਇਸ ਸਮੇਂ ਵਿਸ਼ੇਸ਼ ਤੌਰ ਤੇ ਸ. ਸੁਖਜਿੰਦਰ ਸਿੰਘ, ਸ. ਅਵਤਾਰ ਸਿੰਘ, ਸ. ਬਲਵਿੰਦਰ ਸਿੰਘ, ਸ਼੍ਰੀ ਤਿਲਕ ਰਾਜ ਮਾਹੀ ਅਤੇ ਸ਼੍ਰੀ ਅਮਿਤ ਕੁਮਾਰ ਆਦਿ ਹਾਜ਼ਿਰ ਸਨ।