ਸ੍ਰੀ ਗੁਰੂ ਰਵਿਦਾਸ ਵੈਲਫੇਅਰ ਸੁਸਾਇਟੀ ਦੇ ਉਪਰਾਲੇ ਨਾਲ ਫਗਵਾੜਾ ਦੇ ਨਜ਼ਦੀਕ ਦੇ ਦੋ ਵਿਅਕਤੀਆਂ ਦੀ ਹਾਦਸੇ ਵਿੱਚ ਹੋਈ ਮੌਤ ਦਾ ਮੁਆਵਜ਼ਾ ਮਿਲਿਆ

04-02-2014 ( ਦੁਬਈ ) ਕਰੀਬ ਦੋ ਸਾਲ ਪਹਿਲੇ ਫਗਵਾੜਾ ਦੇ ਨਜ਼ਦੀਕ ਦੇ ਇੱਕ ਪਿੰਡ ਦੇ ਦੋ ਵਿਅਕਤੀਆਂ ਦੀ ਬਸ ਹਾਦਸੇ ਵਿੱਚ ਮੌਤ ਹੋ ਗਈ ਸੀ।ਸ੍ਰੀ ਗੁਰੂ ਰਵਿਦਾਸ ਵੈਲਫੇਅਰ ਸੁਸਾਇਟੀ ਅਜਮਾਨ ਨੇ  ਦੋਹਾਂ ਨੌਜਵਾਨਾਂ ਦੀਆਂ ਮਿਰਤਕ ਦੇਹਾਂ ਤਦ ਹੀ ਪੰਜਾਬ ਭੇਜ ਦਿੱਤੀਆਂ ਸਨ। ਯੂ. ਏ. ਈ ਦੀ ਅਦਾਲਤ ਦੇ ਹੁਕਮਾਂ ਅਨੁਸਾਰ ਦੋਹਾਂ ਮਿਰਤਕਾਂ ਦੇ ਪਰੀਵਾਰ ਨੂੰ ਮੁਆਵਜ਼ਾ ਮਿਲਣਾ ਸੀ ਪਰ ਕੁੱਝ ਕਨੂੰਨੀ ਪੇਚੀਦਗੀਆਂ ਅਤੇ ਮਿਰਤਕਾਂ ਦੇ ਪਰਿਵਾਰਾਂ ਵਲੋਂ ਮਿਲਣ ਵਾਲੇ ਮੁਖਤਿਆਰ ਨਾਮਿਆਂ ਵਿੱਚ ਦੇਰੀ ਹੋਣ ਕਾਰਣ ਕੇਸ ਉਲਝ ਗਿਆ ਸੀ। ਸੁਸਾਇਟੀ ਦੇ ਪਰਧਾਨ ਰੂਪ ਸਿੱਧੂ ਨੇ ਕਰੀਬ ਦੋ ਸਾਲ ਇਸ ਕੇਸ ਦੀ ਪੈਰਵਾਈ ਕੀਤੀ ਤੇ ਆਖਰਕਾਰ ਪਿਛਲੇ ਹਫਤੇ ਦੋਹਾਂ ਪਰਿਵਾਰਾਂ ਨੂੰ ਮੁਆਵਜ਼ਾ ਮਿਲ ਗਿਆ। ਦੋਹਾਂ ਪਰਿਵਾਰਾਂ, ਪਰਿਵਾਰਾਂ ਵਲੋਂ ਨਾਮਜ਼ਦ ਮੁਖਤਿਆਰਾਂ ਅਤੇ ਸਮੂਹ ਸੁਸਾਇਟੀ ਮੈਂਬਰਾਂ ਦੀ ਸਲਾਹ ਨਾਲ ਮੁਆਵਜ਼ੇ ਦੀ ਰਕਮ ਦੋਹਾਂ ਪਰਿਵਾਰਾਂ ਨੂੰ ਭੇਜ ਦਿੱਤੀ ਗਈ ਹੈ। ਦੋਹਾਂ ਪਰਿਵਾਰਾਂ ਦੇ ਬੈਂਕ ਖਾਤਿਆਂ ਵਿੱਚ ਤੀਹ ਤੀਹ ਲੱਖ ਰੁਪੈ ਦੀ ਰਾਸ਼ੀ ਭੇਜੀ ਜਾ ਚੁੱਕੀ ਹੈ। ਇਨ੍ਹਾਂ ਗਰੀਬ ਪਰਿਵਾਰਾਂ ਵਾਸਤੇ ਇਹ ਰਕਮ ਬੱਚਿਆਂ ਦੀ ਪਰਵਰਿਸ਼ ਲਈ ਅਤਿਅੰਤ ਸਹਾਈ ਹੋਵੇਗੀ। ਸੁਸਾਇਟੀ ਪਹਿਲਾਂ ਵੀ ਕਈ ਅਜਿਹੇ ਕੇਸਾਂ ਵਿੱਚ ਮੁਆਵਜ਼ਾ ਲੈਣ ਵਿੱਚ ਮਦਦ ਕਰ ਚੁੱਕੀ ਹੈ ਸ੍ਰੀ ਸਿੱਧੂ ਨੇ ਕਿਹਾ ਕਿ ਸੁਸਾਇਟੀ ਦੇ ਚੇਅਰਮੈਨ ਸ੍ਰੀ ਬਖਸ਼ੀ ਰਾਮ, ਹੈਡ ਗ੍ਰੰਥੀ ਕਮਲਰਾਜ ਸਿੰਘ, ਖਜ਼ਾਨਚੀ ਧਰਮਪਾਲ ਅਤੇ ਸਕੱਤਰ ਬਲਵਿੰਦਰ ਸਿੰਘ ਦਾ ਇਸ ਉਪਰਾਲੇ ਵਿੱਚ ਵਿਸ਼ੇਸ਼ ਯੋਗਦਾਨ ਰਿਹਾ ਹੈ। ਸ੍ਰੀ ਸਿੱਧੂ ਵਲੋਂ ਯੋਗਦਾਨ ਪਾਉਣ ਵਾਲੇ ਸਾਰੇ ਮੈਂਬਰਾਂ ਦਾ ਬਹੁਤ ਬਹੁਤ ਧੰਨਵਾਦ ਹੈ।