ਰਾਹੋਂ ਦੇ ਲਖਵੀਰ ਚੰਦ ਦੀ ਮਿਰਤਕ ਦੇਹ ਪੰਜਾਬ ਭੇਜੀ ਗਈ।

24-01-2014 (ਦੁਬਈ) ਸ਼੍ਰੀ ਗੁਰੂ ਰਵਿਦਾਸ ਵੈਲਫੇਅਰ ਸੁਸਾਇਟੀ ਯੂ ਏ ਈ ਦੀਆਂ ਪੁਰਜੋਰ ਕੋਸ਼ਿਸ਼ਾਂ ਸਦਕਾ ਅੱਜ ਰਾਹੋਂ ਦੇ ਲਖਵੀਰ ਚੰਦ ਦੀ ਮਿਰਤਕ ਦੇਹ ਪੰਜਾਬ ਭੇਜ ਦਿੱਤੀ ਗਈ।ਮਿਰਤਕ ਦੇਹ ਅੱਜ ਕਰੀਬ ਸਵੇਰ ਦੇ 10-11ਵਜੇ ਤੱਕ ਅੰਮ੍ਰਿਤਸਰ ਹਵਾਈ ਅੱਡੇ ਤੇ ਪਹੁੰਚਣ ਦੀ ਸੰਭਾਵਨਾ ਹੈ।

ਲਖਵੀਰ ਚੰਦ ਨੇ 21 ਨਵੰਬਰ 2013 ਨੂੰ ਸਵਾਸ ਤਿਆਗ ਦਿੱਤੇ ਸਨ। ਉਸਦੇ ਪਰਿਵਾਰਕ ਮੈਂਬਰਾਂ ਵਲੋਂ ਸੁਸਾਇਟੀ ਨੂੰ ਦਸੰਬਰ ਦੇ ਦੂਸਰੇ ਹਫਤੇ ਵਿੱਚ ਸੂਚਿਤ ਕੀਤਾ ਗਿਆ ਸੀ। ਕਈ ਤਰਾਂ ਦੀਆਂ ਕਨੂੰਨੀ ਅੜਚਨਾਂ ਕਰਕੇ ਉਸਦੀ ਮਿਰਤਕ ਦੇਹ ਨੂੰ ਪੰਜਾਬ ਭੇਜਣ ਵਿੱਚ ਦੇਰੀ ਹੋ ਰਹੀ ਸੀ। ਸੁਸਾਇਟੀ ਦੇ ਪਰਧਾਨ ਰੂਪ ਸਿੱਧੂ ਅਤੇ ਉਨ੍ਹਾਂ ਦੇ ਸਾਥੀਆਂ ਨੇ ਦਿਨ ਰਾਤ ਕੋਸ਼ਿਸ਼ਾਂ ਅਤੇ ਮਿਹਨਤ ਕਰਕੇ ਸਾਰੀਆਂ ਲੋੜੀਦੀਆਂ ਕਾਰਵਾਈਆਂ ਪੂਰੀਆਂ ਕੀਤੀਆਂ। ਅੱਜ ਸਾਰੀਆਂ ਕਾਰਵਾਈਆਂ ਮੁਕੰਮਲ ਹੋਣ ਉਪਰੰਤ ਮਿਰਤਕ ਦੇਹ ਨੂੰ ਪੰਜਾਬ ਲਈ ਰਵਾਨਾ ਕਰ ਦਿੱਤਾ ਗਿਆ। ਸ਼੍ਰੀ ਰੂਪ ਸਿੱਧੂ ਨੇ ਕਿਹਾ ਕਿ ਆਮ ਤੌਰ ਤੇ 8-10 ਦਿਨ ਦੇ ਵਿੱਚ ਵਿੱਚ ਹੀ ਮਿਰਤਕ ਦੇਹ ਪੰਜਾਬ ਭੇਜ ਦਿੱਤੀ ਜਾਂਦੀ ਹੈ ਪਰ ਇਸ ਕੇਸ ਵਿੱਚ ਕਈ ਪੇਚੀਦਗੀਆਂ ਆ ਜਾਣ ਕਰਕੇ ਅਤੇ ਸੁਸਾਇਟੀ ਨੂੰ ਕਾਫੀ ਦੇਰ ਬਾਦ ਪਤਾ ਲੱਗਣ ਕਰਕੇ ਵੀ ਮਿਰਤਕ ਦੇਹ ਵਾਪਿਸ ਭੇਜਣ ਵਿੱਚ ਜ਼ਿਆਦਾ ਸਮਾਂ ਲੱਗਾ ਹੈ।ਹੁਣ ਤੱਕ ਸਾਡੀ ਸੁਸਾਇਟੀ 140 ਤੋਂ ਵੱਧ ਮਿਰਤਕ ਦੇਹਾਂ ਭੇਜਣ ਵਿੱਚ ਮਦਦ ਕਰ ਚੁੱਕੀ ਹੈ ਪਰ ਇਹ ਕੇਸ ਸੱਭ ਤੋਂ ਵੱਧ ਮੁਸ਼ਕਿਲ ਅਤੇ ਦੇਰੀ ਨਾਲ ਨੇਪਰੇ ਚੜਿਆ। ਸ਼੍ਰੀ ਸਿੱਧੂ ਨੇ ਕਿਹਾ ਕਿ ਇਸ ਕੰਮ ਨੂੰ ਨੇਪਰੇ ਚਾੜਣ ਦੇ ਲਈ ਸੁਸਾਇਟੀ ਦੇ ਚੇਅਰਮੈਨ ਸ਼੍ਰੀ ਬਖਸ਼ੀ ਰਾਮ, ਸ਼੍ਰੀ ਕਮਲਰਾਜ ਸਿੰਘ ਅਤੇ ਸ. ਸੁਖਜਿੰਦਰ ਸਿੰਘ ਨੇ ਵੀ ਅਣਥੱਕ ਸੇਵਾ ਕੀਤੀ ਹੈ। ਵਾਹਿਗੁਰੂ ਲਖਵੀਰ ਚੰਦ ਦੀ ਰੂਹ ਨੂੰ ਆਪਣੇ ਚਰਨਾ ਵਿੱਚ ਨਿਵਾਸ ਦੇਣ।