ਇਹ ਹਨ ਸਾਡੇ ਗਰੀਬ ਲੋਕਾਂ ੀ ਕਿਸਮਤ ਲਿਖਣ ਵਾਲੇ ਅਮੀਰ ਲਿਖਾਰੀ।

ਸਾਡੇ ਸੂਬੇ ਦੇ 117 ਵਿਧਾਇਕਾਂ ਵਿਚੋਂ 101 ਕਰੋੜਪਤੀ।ਕਾਂਗਰਸੀ ਵਿਧਾਇਕ ਦੂਜੇ ਵਿਧਾਇਕਾਂ ਨਾਲੋਂ ਵੱਧ ਅਮੀਰ।

07 ਜਨਵਰੀ, 2014 (ਕੁਲਦੀਪ ਚੰਦ) ਇਸ ਗੱਲ ਵਿੱਚ ਕੋਈ ਦੋ ਰਾਏ ਨਹੀਂ ਕਿ ਸਾਡੇ ਦੇਸ਼ ਦੇ ਰਾਜਨੇਤਾ ਕਰੋੜਪਤੀ ਅਤੇ ਅਰਬਪਤੀ ਹਨ। ਦੇਸ਼ ਦੀ ਆਮ ਜਨਤਾ ਦਾ ਇੱਕ-ਇੱਕ ਵਾਲ ਸਰਕਾਰ ਨੇ ਟੈਕਸਾਂ ਵਿੱਚ ਜਕੜਿਆਂ ਹੋਇਆ ਹੈ। ਸਰਕਾਰ ਕੋਈ ਨਾ ਕੋਈ ਬਹਾਨਾ ਲਗਾ ਕੇ ਜਨਤਾ ਤੇ ਨਵੇਂ-ਨਵੇਂ ਟੈਕਸ ਥੋਪਦੀ ਰਹਿੰਦੀ ਹੈ। ਇਹਨਾਂ ਟੈਕਸਾਂ ਕਾਰਨ ਮਹਿੰਗਾਈ ਵੱਧਦੀ ਜਾ ਰਹੀ ਹੈ ਜਿਸ ਕਰਕੇ ਜਨਤਾ ਪ੍ਰੇਸ਼ਾਨ ਹੈ। ਪਰ ਸਾਡੇ ਦੇਸ਼ ਦੇ ਰਾਜਨੇਤਾਵਾਂ ਨੂੰ ਮਹਿੰਗਾਈ ਵੱਧਣ ਦਾ ਅਤੇ ਟੈਕਸ ਵੱਧਣ ਦਾ ਕੋਈ ਫਰਕ ਨਹੀਂ ਪੈਂਦਾ ਕਿਉਂਕਿ ਸਾਡੇ ਨੇਤਾਵਾਂ ਅਤੇ ਮੰਤਰੀਆਂ ਨੂੰ ਆਪਣੀਆਂ ਤਨਖਾਹਾਂ ਅਤੇ ਮਹਿੰਗਾਈ ਭੱਤਿਆਂ ਤੇ ਕੋਈ ਟੈਕਸ ਨਹੀਂ ਦੇਣਾ ਪੈਂਦਾ। ਸਾਡੇ ਮੰਤਰੀ ਅਤੇ ਨੇਤਾ ਆਪਣੀਆਂ ਤਨਖਾਹਾਂ ਅਤੇ ਭੱਤਿਆਂ ਵਿੱਚ ਵਾਧਾ ਕਰਦੇ ਜਾ ਰਹੇ ਹਨ ਜਦਕਿ ਜਨਤਾ ਦੋ ਵਕਤ ਦੀ ਰੋਟੀ ਨੂੰ ਵੀ ਤਰਸ ਰਹੀ ਹੈ। ਸਾਡੇ ਵਿਧਾਇਕ ਕਰੋੜਪਤੀ ਹੋਣ ਦੇ ਬਾਵਜੂਦ ਵੀ ਸਰਕਾਰੀ ਖਜ਼ਾਨੇ ਵਿੱਚੋਂ ਮੁਫਤ ਸੁਵਿਧਾਵਾਂ ਦਾ ਆਨੰਦ ਮਾਣਦੇ ਹਨ। ਪੰਜਾਬ ਦੇ ਮੌਜੂਦਾ 117 ਵਿਧਾਇਕਾਂ ਵਿੱਚੋਂ 101 ਕਰੋੜਪਤੀ ਹਨ। ਨੈਸ਼ਨਲ ਇਲੈਕਸ਼ਨ ਵਾਚ ਅਤੇ ਐਸੋਸ਼ੀਏਸ਼ਨ ਫਾਰ ਡੈਮੋਕਰੈਟਿਕ ਰਿਫੋਰਮ ਨਾਮ ਦੇ ਸਮਾਜਿਕ ਸੰਗਠਨਾਂ ਵਲੋਂ ਇਸ ਸਬੰਧੀ ਕੀਤੇ ਗਏ ਸਰਵੇਖਣ ਦੀ ਰਿਪੋਰਟ ਵੇਖੀਏ ਤਾਂ ਮੌਜੂਦਾ ਵਿਧਾਨ ਸਭਾ ਵਿੱਚ ਕਾਂਗਰਸ ਪਾਰਟੀ ਦੇ 46 ਵਿਧਾਇਕਾਂ ਵਿਚੋਂ 41 ਭਾਵ 89% ਵਿਧਾÎਇਕ ਕਰੋੜਪਤੀ ਹਨ, ਸ਼੍ਰੋਮਣੀ ਅਕਾਲੀ ਦੱਲ ਦੇ 56 ਵਿੱਚੋਂ 47 ਭਾਵ 84% ਵਿਧਾÎਇਕ, ਭਾਰਤੀ ਜਨਤਾ ਪਾਰਟੀ ਦੇ 12 ਵਿਧਾਇਕਾਂ ਵਿਚੋਂ 10 ਭਾਵ 83% ਵਿਧਾÎਇਕ, ਅਜਾਦ 3 ਵਿਧਾਇਕਾਂ ਵਿਚੋਂ 3 ਭਾਵ 100% ਵਿਧਾÎਇਕ ਕਰੋੜਪਤੀ ਹਨ। ਜੇਕਰ ਵਿਧਾਨ ਸਭਾ ਵਿੱਚ ਚੁਣੇ ਗਏ ਵਿਧਾਇਕਾ ਦੀ ਪਾਰਟੀਵਾਜ ਅੋਸਤਨ ਸੰਪਤੀ ਵੇਖੀਏ ਤਾਂ ਸ਼੍ਰੋਮਣੀ ਅਕਾਲੀ ਦਲ (ਬਾਦਲ) ਦੇ ਵਿਧਾਇਕਾਂ ਦੀ ਅੋਸਤਨ ਸੰਪਤੀ ਲੱਗਭੱਗ 7 ਕਰੋੜ, ਕਾਂਗਰਸ ਪਾਰਟੀ ਦੇ ਵਿਧਾਇਕਾਂ ਦੀ ਅੋਸਤਨ ਸੰਪਤੀ 13 ਕਰੋੜ ਰੁਪਏ, ਭਾਰਤੀ ਜਨਤਾ ਪਾਰਟੀ ਦੇ ਵਿਧਾਇਕਾਂ ਦੀ ਔਸਤਨ ਸੰਪਤੀ ਲੱਗਭੱਗ 4 ਕਰੋੜ ਰੁਪਏ ਹੈ। ਇਸ ਰਿਪੋਰਟ ਅਨੁਸਾਰ ਪੰਜਾਬ ਵਿੱਚ ਚੁਣੇ ਗਏ ਵਿਧਾਇਕਾਂ ਵਿਚੋਂ ਸਭਤੋਂ ਅਮੀਰ ਵਿਧਾਇਕ ਕਾਂਗਰਸ ਪਾਰਟੀ ਦੀ ਮੁਕਤਸਰ ਤੋਂ ਵਿਧਾਇਕ ਕਰਨ ਬਰਾੜ ਹੈ ਜਿਸ ਕੋਲ 128, 43,78,782/- ਰੁਪਏ ਦੀ ਸੰਪਤੀ ਹੈ ਅਤੇ ਸਭਤੋਂ ਗਰੀਬ ਵਿਧਾਇਕ ਭਾਰਤੀ ਜਨਤਾ ਪਾਰਟੀ ਦੀ ਭੋਆ ਤੋਂ ਵਿਧਾਇਕ ਸੀਮਾ ਦੇਵੀ ਹੈ ਜਿਸ ਕੋਲ ਸਿਰਫ 2,81,055/- ਰੁਪਏ ਦੀ ਹੀ ਸੰਪਤੀ ਹੈ। 14ਵੀਂ ਵਿਧਾਨ ਸਭਾ ਵਿੱਚ ਪਹੁੰਚੇ 117 ਵਿਧਾਇਕਾਂ ਵਿਚੋਂ 10 ਅਮੀਰ ਵਿਧਾਇਕਾਂ ਵਿਚੋਂ ਕਾਂਗਰਸ ਪਾਰਟੀ ਦੇ 7, ਭਾਰਤੀ ਜਨਤਾ ਪਾਰਟੀ ਦਾ ਇੱਕ ਅਤੇ ਸ਼੍ਰੋਮਣੀ ਅਕਾਲੀ ਦੱਲ ਦੇ ਦੋ ਵਿਧਾਇਕ ਸ਼ਾਮਲ ਹਨ। ਜੇਕਰ ਇਨ੍ਹਾਂ ਵਿਧਾਇਕਾਂ ਵਿਚੋਂ ਗਰੀਬ ਵਿਧਾਇਕਾਂ ਦੀ ਗੱਲ ਕਰੀਏ ਤਾਂ ਸਭਤੋਂ ਘਟ ਸੰਪਤੀ ਵਾਲੇ 10 ਵਿਧਾਇਕਾਂ ਵਿੱਚ ਕਾਂਗਰਸ ਦੇ ਤਿੰਨ, ਸ਼੍ਰੋਮਣੀ ਅਕਾਲੀ ਦੱਲ ਦੇ 5 ਅਤੇ ਭਾਰਤੀ ਜਨਤਾ ਪਾਰਟੀ ਦੇ ਦੋ ਵਿਧਾਇਕ ਸ਼ਾਮਲ ਹਨ। ਵਿਧਾਨ ਸਭਾ ਵਿੱਚ ਪਹੁੰਚੇ ਘਟ ਸੰਪਤੀ ਵਾਲੇ 10 ਵਿਧਾਇਕਾਂ ਵਿਚੋਂ 9 ਅਨੁਸੂਚਿਤ ਜਾਤਾਂ ਨਾਲ ਸਬੰਧ ਰੱਖਦੇ ਹਨ ਅਤੇ ਵੱਖ ਵੱਖ ਪਾਰਟੀਆਂ ਵਲੋਂ ਵੱਖ ਵੱਖ ਵਿਧਾਨ ਸਭਾ ਹਲਕਿਆਂ ਤੋਂ ਚੁਣੇ ਗਏ ਹਨ। ਹੈਰਾਨੀ ਦੀ ਗੱਲ ਹੈ ਕਿ ਵਿਧਾਨ ਸਭਾ ਵਿੱਚ ਪਹੁੰਚੇ ਕਈ ਕਰੋੜਪਤੀ ਵਿਧਾਇਕ ਅਪਣੀ ਇਨਕਮ ਟੈਕਸ ਰਿਟਰਨ ਵੀ ਨਹੀਂ ਭਰਦੇ ਹਨ। ਇਸ ਰਿਪੋਰਟ ਅਨੁਸਾਰ 12 ਵਿਧਾਇਕਾਂ ਨੇ ਅਪਣੀ ਰਿਟਰਨ ਨਹੀਂ ਭਰੀ ਹੈ। ਇਨ੍ਹਾਂ ਵਿਚੋਂ 12 ਵਿਧਾਇਕਾਂ ਨੇ ਕਦੇ ਟੈਕਸ ਨਹੀਂ ਭਰਿਆ ਹੈ ਅਤੇ 4 ਵਿਧਾਇਕਾਂ ਨੇ ਅਪਣੇ ਪੈਨ ਕਾਰਡ ਬਾਰੇ ਕੋਈ ਜਾਣਕਾਰੀ ਨਹੀਂ ਦਿਤੀ ਹੈ।