ਪੰਜਾਬ ਦੇ ਦਲਿਤ ਵਿਦਿਆਰਥੀ ਨੈਸ਼ਨਲ ਓਵਰਸੀਜ ਸਕਾਲਰਸ਼ਿਪ ਲੈਣ ਵਿੱਚ ਵੀ ਪਿੱਛੇ।

2010-11 ਦੋਰਾਨ ਇੱਕ ਵੀ ਵਿਦਿਆਰਥੀ ਪੰਜਾਬ ਤੋਂ ਨਹੀਂ ਚੁਣਿਆ ਗਿਆ।

25 ਦਸੰਬਰ, 2013 (ਕੁਲਦੀਪ ਚੰਦ) ਪੰਜਾਬ ਵਿੱਚ ਲੱਗਭੱਗ ਤੀਜਾ ਹਿੱਸਾ ਅਬਾਦੀ ਦਲਿਤਾਂ ਦੀ ਹੈ। ਕਿਸੇ ਵੇਲੇ ਹਰ ਖੇਤਰ ਵਿੱਚ ਅੱਗੇ ਰਹਿਣ ਵਾਲੇ ਪੰਜਾਬ ਦੇ ਦਲਿਤ ਹੁਣ ਪੱਛੜਦੇ ਜਾ ਰਹੇ ਹਨ। ਉਨ੍ਹਾ ਦੇ ਪੱਛੜਣ ਦੇ ਕੀ ਕਾਰਨ ਹਨ ਇਸ ਬਾਰੇ ਸਮਾਜਿਕ, ਰਾਜਨੀਤਿਕ ਸੰਗਠਨਾਂ ਨੂੰ ਗੰਭੀਰਤਾ ਨਾਲ ਵਿਚਾਰ ਕਰਨਾ ਪਵੇਗਾ। ਕੇਂਦਰ ਸਰਕਾਰ ਵਲੋਂ ਹਰ ਸਾਲ ਦਿਤੇ ਜਾਣ ਵਾਲੇ  ਨੈਸ਼ਨਲ ਓਵਰਸੀਜ ਸਕਾਲਰਸ਼ਿਪ ਵਿੱਚ ਪੰਜਾਬ ਦੇ ਕਿਸੇ ਵੀੰ ਦਲਿਤ ਵਿਦਿਆਰਥੀ ਦਾ ਨਾਮ ਨਹੀਂ ਚੁਣਿਆ ਗਿਆ ਹੈ। 12 ਤੋਂ 14 ਜਨਵਰੀ 2012 ਤੱਕ ਇਸ ਸਬੰਧੀ ਕੀਤੀ ਗਈ ਫਾਇਨਲ ਇੰਟਰਵਿਊ ਵਿੱਚ ਪੂਰੇ ਦੇਸ ਵਿਚੋਂ ਕੁੱਲ 30 ਵਿਦਿਆਰਥੀ ਚੁਣੇ ਗਏ ਹਨ। ਇਨ੍ਹਾਂ 30 ਵਿਦਿਆਰਥੀਆਂ ਵਿਚੋਂ ਸਭਤੋਂ ਵੱਧ 5 ਉਤੱਰ ਪ੍ਰਦੇਸ ਤੋਂ ਅਤੇ 5 ਹੀ ਮਹਾਂਰਾਸਟਰ ਰਾਜ ਦੇ ਹਨ। ਇਸ ਸਕਾਲਰਸ਼ਿਪ ਲਈ ਹੋਰ ਚੁਣੇ ਗਏ ਵਿਦਿਆਰਥੀਆਂ ਵਿਚੋਂ ਤਾਮਿਲਨਾਡੂ ਦੇ 2, ਕਰਨਾਟਕਾ ਦਾ ਇੱਕ, ਮੱਧ ਪ੍ਰਦੇਸ ਦਾ ਇੱਕ, ਕੇਰਲਾ ਦਾ ਇੱਕ, ਹਰਿਆਣਾ ਦੇ 3, ਹਿਮਾਚਲ ਪ੍ਰਦੇਸ ਦੇ 2, ਆਧਰਾ ਪ੍ਰਦੇਸ ਦੇ 3, ਦਿੱਲ੍ਹੀ ਦੇ 2, ਝਾਰਖੰਡ ਦਾ ਇੰਕ, ਤ੍ਰੀਪੁਰਾ ਦਾ ਇੱਕ, ਪੱਛਮੀ ਬੰਗਾਲ ਦੇ 2 ਅਤੇ ਮਨੀਪੁਰ ਦਾ ਇੱਕ ਦਲਿਤ ਵਿਦਿਆਰਥੀ ਸ਼ਾਮਿਲ ਹੈ। ਇਨ੍ਹਾਂ 30 ਵਿਦਿਆਰਥੀਆਂ ਵਿਚੋਂ 23 ਵਿਦਿਆਰਥੀ ਪੀ ਐਚ ਡੀ ਦੀ ਪੜਾਈ ਲਈ ਅਤੇ 7 ਵਿਦਿਆਰਥੀ ਐਮ ਏ ਦੀ ਪੜਾਈ ਲਈ ਚੁਣੇ ਗਏ ਹਨ। ਇਨ੍ਹਾਂ ਵਿਦਿਆਰਥੀਆਂ ਵਿੱਚ 9 ਮਹਿਲਾਵਾਂ ਅਤੇ 21 ਪੁਰਸ਼ ਸ਼ਾਮਿਲ ਹਨ। ਪੰਜਾਬ ਦਾ ਸੂਬਾ ਜੋਕਿ ਅਪਣੀ ਖੁਸਹਾਲੀ ਲਈ ਜਾਣਿਆ ਜਾਂਦਾ ਹੈ ਅਤੇ ਇਸ ਸੂਬੇ ਵਿੱਚ ਵੱਡੇ ਵੱਡੇ ਡਾਕਟਰ, ਇੰਜਨੀਅਰ ਅਤੇ ਹੋਰ ਅਫਸਰ ਪੈਦਾ ਹੋਏ ਹਨ। ਇਸ ਸੂਬੇ ਵਿੱਚ ਦਲਿਤਾਂ ਦੀ ਸਮਾਜਿਕ ਅਤੇ ਆਰਥਿਕ ਹਾਲਤ ਬਾਕੀ ਕਈ ਸੂਬਿਆਂ ਨਾਲੋਂ ਵਧੀਆ ਹੋਣ ਕਰਕੇ ਬਹੁਤੀਆਂ ਰਾਜਨੀਤਕ ਪਾਰਟੀਆਂ ਦੀ ਧਿਆਨ ਦਾ ਕੇਂਦਰ ਵੀ ਪੰਜਾਬ ਦੇ ਦਲਿਤ ਰਹੇ ਹਨ। ਦਲਿਤਾਂ ਦੀ ਪਾਰਟੀ ਕਹਾਈ ਜਾਣ ਵਾਲੀ ਰਾਜਨੀਤਿਕ ਪਾਰਟੀ ਬਹੁਜਨ ਸਮਾਜ ਪਾਰਟੀ ਦਾ ਸਬੰਧ ਵੀ ਪੰਜਾਬ ਨਾਲ ਹੀ ਰਿਹਾ ਹੈ। ਇਸ ਪਾਰਟੀ ਦੇ ਜਨਮਦਾਤਾ ਬਾਬੂ ਕਾਂਸ਼ੀ ਰਾਮ ਪੰਜਾਬ ਨਾਲ ਹੀ ਸਬੰਧਤ ਸਨ। ਪੰਜਾਬ ਤੋਂ ਸ਼ੁਰੂ ਹੋਈ ਬਹੁਜਨ ਸਮਾਜ ਪਾਰਟੀ ਨੇ ਦੇਸ ਦੇ ਵੱਡੇ ਸੂਬੇ ਉਤਰ ਪ੍ਰਦੇਸ ਵਿੱਚ ਪਹਿਲਾਂ ਭਾਈਵਾਲ ਬਣਕੇ ਅਤੇ ਫਿਰ ਇੱਕਲਿਆਂ ਰਾਜ ਕੀਤਾ ਹੈ। ਪੰਜਾਬ ਵਿੱਚ ਦਲਿਤ ਵਿਦਿਆਰਥੀਆਂ ਦਾ ਪਿਛਲੇ ਕੁੱਝ ਸਾਲਾਂ ਤੋਂ ਪੜਾਈ ਵਿਸ਼ੇਸ ਤੋਰ ਤੇ ਉਚੱ ਪੜਾਈ ਵਿਚੋਂ ਰੁਝਾਨ ਘਟਦਾ ਜਾ ਰਿਹਾ ਹੈ। ਪੰਜਾਬ ਦੇ ਕਿਸੇ ਵੀ ਦਲਿਤ ਵਿਦਿਆਰਥੀ ਦਾ ਨੈਸ਼ਨਲ ਓਵਰਸੀਜ ਸਕਾਲਰਸ਼ਿਪ ਲਈ ਨਾਂ ਚੁਣਿਆ ਜਾਣਾ ਇੱਕ ਖਤਰਨਾਕ ਸੰਕੇਤ ਹੈ। ਪੰਜਾਬ ਦੇ ਨਾਲ ਲੱਗਦੇ ਗੁਆਂਢੀ ਸੂਬੇ ਜੋ ਕਦੇ ਪੰਜਾਬ ਦਾ ਹੀ ਹਿੱਸਾ ਸਨ ਵਿਚੋਂ ਹਰਿਆਣਾ ਵਿਚੋਂ 3 ਅਤੇ ਹਿਮਾਚਲ ਪ੍ਰਦੇਸ ਵਿਚੋਂ 2 ਵਿਦਿਆਰਥੀਆਂ ਦਾ ਇਸ ਸਕਾਲਰਸਿਪ ਲਈ ਚੁਣਿਆ ਜਾਣਾ ਇਹ ਸਾਬਤ ਕਰਦਾ ਹੈ ਕਿ ਪੰਜਾਬ ਦੇ ਦਲਿਤ ਹੁਣ ਇਨ੍ਹਾਂ ਸੂਬਿਆਂ ਨਾਲੋਂ ਵੀ ਪੱਛੜ ਰਹੇ ਹਨ ਅਤੇ ਪੰਜਾਬ ਵਿੱਚ ਕੰਮ ਕਰਦੀਆਂ ਦਲਿਤ ਜਥੇਵੰਦੀਆਂ, ਰਾਜਨੀਤਿਕ ਆਗੂਆਂ ਨੂੰ ਇਸਦੇ ਕਾਰਨਾਂ ਦੀ ਘੋਖ ਕਰਨੀ ਚਾਹੀਦੀ ਹੈ।