ਹੁਣ ਸਕੂਲਾਂ ਦੇ ਬੱਚੇ ਕਰਨਗੇ ਲੋਕਾਂ ਨੂੰ ਸੜ੍ਹਕ ਦੁਰਘਟਨਾਵਾਂ ਬਾਰੇ ਜਾਗਰੂਕ।

21 ਦਸੰਬਰ, 2013 (ਕੁਲਦੀਪ ਚੰਦ) ਹੁਣ ਸਕੂਲਾਂ ਦੇ ਵਿਦਿਆਰਥੀ ਅਪਣੇ ਅਪਣੇ ਇਲਾਕੇ ਵਿੱਚ ਲੋਕਾਂ ਨੂੰ ਸੜ੍ਹਕ ਦੁਰਘਟਨਾਵਾਂ ਬਾਰੇ ਜਾਗਰੂਕ ਕਰਨਗੇ। ਸਰਵ ਸਿਖਿਆ ਅਭਿਆਨ ਅਧੀਨ ਡਾਇਰੈਕਟਰ ਜਨਰਲ ਸਕੂਲ ਸਿਖਿਆ ਪੰਜਾਬ ਨੇ ਸਮੂਹ ਜਿਲ੍ਹਾ ਸਕੂਲ ਸਿਖਿਆ ਅਫਸਰਾਂ ਸੈਕੰਡਰੀ ਅਤੇ ਐਲੀਮੈਂਟਰੀ, ਸਮੂਹ ਸਿਨੀਅਰ ਸੈਕੰਡਰੀ, ਹਾਈ, ਮਿਡਲ, ਪ੍ਰਾਇਮਰੀ ਸਕੂਲਾਂ ਦੇ ਮੁਖੀਆਂ ਨੂੰ ਪੱਤਰ ਨੰਬਰ ਏ ਐਸ ਪੀ ਡੀ/ਰ ਮ ਸ ਅ/2012/ਆਰ 000621-622 ਮਿਤੀ ਚੰਡੀਗੜ੍ਹ 08/02/2012 ਲਿਖਕੇ ਸੜਕ ਸੁਰਖਿਆ ਅਤੇ ਟ੍ਰੈਫਿਕ ਨਿਯਮਾਂ ਬਾਰੇ ਜਾਗਰੂਕ ਕਰਨ ਲਈ ਕਿਹਾ ਹੈ। ਉਨ੍ਹਾਂ ਲਿਖਿਆ ਹੈ ਕਿ 2011 ਤੋਂ 2020 ਤੱਕ ਸੜਕ ਸੁਰਖਿਆ ਦਹਾਕਾ ਮਨਾਇਆ ਜਾ ਰਿਹਾ ਹੈ। ਇਸ ਲਈ ਸਮੂਹ ਸਕੂਲਾਂ ਵਿੱਚ ਸਵੇਰ ਦੀ ਸਭਾ ਦੌਰਾਨ ਅਧਿਆਪਕਾਂ ਦੁਆਰਾ ਵਿਦਿਆਰਥੀਆਂ ਨੂੰ ਯਾਤਾਯਾਤ ਅਤੇ ਟ੍ਰੈਫਿਕ ਨਿਯਮਾਂ ਪ੍ਰਤੀ ਜਾਗਰੂਕ ਕੀਤਾ ਜਾਵੇ। ਇਲਾਕੇ ਵਿੱਚ ਸੜਕ ਸੁਰਖਿਆ ਸਬੰਧੀ ਲੋਕਾਂ ਨੂੰ ਜਾਗਰੂਕ ਕਰਨ ਲਈ ਰੈਲੀਆਂ ਦਾ ਆਯੋਜਨ ਕੀਤਾ ਜਾਵੇ। ਜਿਲ੍ਹਾ ਪੱਧਰ ਦੇ ਪ੍ਰਸ਼ਾਸਨਿਕ ਅਧਿਕਾਰੀਆਂ ਅਤੇ ਟ੍ਰੈਫਿਕ ਅਧਿਕਾਰੀਆਂ ਨਾਲ ਮਿਲਕੇ ਇਸ ਸਬੰਧੀ ਪ੍ਰੋਗਰਾਮ ਉਲੀਕੇ ਅਤੇ ਲਾਗੂ ਕੀਤੇ ਜਾਣ। ਇਸਤਰਾਂ ਹੁਣ ਲੋਕਾਂ ਨੂੰ ਸੜਕ ਸੁਰਖਿਆ ਬਾਰੇ ਜਾਗਰੂਕ ਕਰਨ ਲਈ ਸਿਖਿਆ ਵਿਭਾਗ ਲੇ ਵੀ ਕਮਰ ਕੱਸ ਲਈ ਹੈ। ਆਏ ਦਿਨ ਵਾਪਰਦੇ ਸੜਕ ਹਾਦਸੇ ਅਤੇ ਇਨ੍ਹਾਂ ਹਾਦਸਿਆਂ ਵਿੱਚ ਜਾਂਦੀਆਂ ਲੋਕਾਂ ਦੀਆਂ ਜਾਨਾਂ ਅੱਜ ਕਿਸੇ ਤੋਂ ਲੁਕੇ ਨਹੀਂ ਹੋਏ ਹਨ ਅਤੇ ਇਨ੍ਹਾਂ ਹਾਦਸਿਆਂ ਨੂੰ ਘਟਾਉਣ ਲਈ ਸਰਕਾਰ ਵਲੋਂ ਵਿਸ਼ੇਸ ਯੋਜਨਾਵਾਂ ਉਲੀਕੀਆਂ ਗਈਆਂ ਹਨ। ਹੁਣ ਸਕੂਲਾਂ ਦੇ ਵਿਦਿਆਰਥੀਆਂ ਵਲੋਂ ਲੋਕਾਂ ਨੂੰ ਟ੍ਰੈਫਿਕ ਨਿਯਮਾਂ ਪ੍ਰਤੀ ਜਾਗਰੂਕ ਕਰਨ ਦਾ ਲੋਕਾਂ ਤੇ ਕਿੰਨਾ ਅਸਰ ਹੁੰਦਾ ਹੈ ਇਹ ਤਾਂ ਸਮਾਂ ਹੀ ਦੱਸੇਗਾ ਪਰ ਇਸ ਦਾ ਅਸਰ ਸਕੂਲੀ ਬੱਚਿਆਂ ਤੇ ਜਰੂਰ ਹੋਵੇਗਾ।