ਲੋਕਾਂ ਨੂੰ ਕਦੋਂ ਨਿਜਾਤ ਮਿਲੂ ਇਨ੍ਹਾਂ ਖੂਨੀ ਸੜ੍ਹਕਾਂ ਤੋਂ, ਪੰਜਾਬ ਵਿੱਚ ਵੱਧ ਰਹੇ ਹਨ ਸੜਕ ਹਾਦਸੇ।


20 ਦਸੰਬਰ, 2013 (
ਕੁਲਦੀਪ ਚੰਦ) ਅੱਜ ਦੀ ਭੱਜ ਦੋੜ ਦੀ ਤੇਜ਼ੀ ਵਾਲੀ ਜਿੰਦਗੀ ਵਿੱਚ ਕੋਈ ਦਿਨ ਅਜਿਹਾ ਨਹੀਂ ਹੁੰਦਾ ਜਿਸ ਦਿਨ ਕਿਸੇ ਪਾਸਿਓਂ ਸੜ੍ਹਕ ਹਾਦਸੇ ਦੀ ਖਬਰ ਪੜ੍ਹਣ ਜਾਂ ਸੁਣਨ ਨੂੰ ਨਾਂ ਮਿਲੇ। ਲੋਕ ਹੁਣ ਅਜਿਹੇ ਹਾਦਸਿਆਂ ਬਾਰੇ ਸੁਣਨ ਦੇ ਆਦਿ ਹੋ ਚੁੱਕੇ ਹਨ ਅਤੇ ਸਰਕਾਰਾਂ ਵੀ ਛੋਟੇ ਮੋਟੇ ਹਾਦਸਿਆਂ ਤੇ ਗੋਰ ਨਹੀਂ ਕਰਦੀਆਂ ਹਨ। ਇਹ ਗੱਲ ਵਖਰੀ ਹੈ ਕਿ ਜਦੋਂ ਵੀ ਕਿਤੇ ਕੋਈ ਰਾਜਨੀਤਿਕ ਜਾਂ ਸਰਕਾਰੀ ਅਫਸਰ ਜਾਂ ਕੋਈ ਪ੍ਰਸਿੱਧ ਹਸਤੀ ਦੀ ਸੜਕ ਹਾਦਸੇ ਵਿੱਚ ਮੌਤ ਹੁੰਦੀ ਹੈ ਤਾਂ ਸਰਕਾਰ ਵੱਲੋਂ ਵੱਧ ਰਹੇ ਸੜਕ ਹਾਦਸਿਆ ਤੇ ਚਿੰਤਾ ਪ੍ਰਗਟ ਕੀਤੀ ਜਾਂਦੀ ਹੈ ਅਤੇ ਇਸਤੋਂ ਲੋਕਾਂ ਨੂੰ ਬਚਾਉਣ ਲਈ ਢੁਕਵੇਂ ਪ੍ਰਬੰਧ ਕਰਨ ਦੇ ਦਾਅਵੇ ਕੀਤੇ ਜਾਂਦੇ ਹਨ ਪਰ ਇਹ ਵਾਅਦੇ ਅਤੇ ਦਾਅਵੇ ਹਕੀਕਤ ਨਹੀਂ ਬਣਦੇ ਹਨ ਅਤੇ ਕੁੱਝ ਸਮੇਂ ਬਾਦ ਸਰਕਾਰ ਅਤੇ ਲੋਕ ਉਸਨੂੰ ਭੁੱਲ ਜਾਂਦੇ ਹਨ। ਜਿਹੜੀ ਆਮ ਜਨਤਾ ਹਰ ਸਾਲ ਹਜ਼ਾਰਾਂ ਦੀ ਗਿਣਤੀ ਵਿੱਚ ਸੜਕ ਹਾਦਸਿਆ ਵਿੱਚ ਆਪਣੀ ਜਾਨ ਗਵਾ ਰਹੀ ਹੈ ਜਾਂ ਜ਼ਖਮੀ ਹੋ ਕੇ ਅਪੰਗ ਹੋ ਰਹੀ ਹੈ ਉਹਨਾਂ ਦੀ ਚਿੰਤਾ ਵਿੱਚ ਸਰਕਾਰ ਕਦੀ ਇੱਕ ਸ਼ਬਦ ਵੀ ਨਹੀਂ ਬੋਲਦੀ ਹੈ। ਕੁਝ ਦਿਨ ਪਹਿਲਾਂ ਪੰਜਾਬ ਦੇ ਪ੍ਰਸਿੱਧ ਹਾਸ ਕਲਾਕਾਰ ਜਸਪਾਲ ਭੱਟੀ ਨੇ ਜਲੰਧਰ ਨੇੜੇ ਇੱਕ ਸੜਕ ਹਾਦਸੇ ਵਿੱਚ ਆਪਣੀ ਜਾਨ ਗਵਾ ਦਿੱਤੀ ਹੈ। ਇਸਤੋਂ ਪਹਿਲਾਂ ਵੀ ਕੁਝ ਸਾਲ ਪਹਿਲਾਂ ਦੇਸ਼ ਦੇ ਸਾਬਕਾ ਰਾਸ਼ਟਰਪਤੀ ਸਵਰਗੀ ਗਿਆਨੀ ਜੈਲ ਸਿੰਘ ਨੇ ਵੀ ਆਨੰਦਪੁਰ ਸਾਹਿਬ-ਕੀਰਤਪੁਰ ਸਾਹਿਬ ਨੇੜੇ ਹੋਏ ਸੜ੍ਹਕ ਹਾਦਸੇ ਵਿੱਚ ਆਪਣੀ ਜਾਨ ਗਵਾ ਲਈ ਸੀ। ਇਸੇ ਤਰਾਂ ਹੀ ਪੰਜਾਬ ਦੇ ਸਾਬਕਾ ਵਿੱਤ ਮੰਤਰੀ ਸਵਰਗੀ ਕੈਪਟਨ ਕੰਵਲਜੀਤ ਸਿੰਘ ਦੀ ਵੀ ਸੜ੍ਹਕ ਹਾਦਸੇ ਵਿੱਚ ਮੋਤ ਹੋਈ ਹੈ।  ਵਿਕਸਿਤ ਮੰਨੇ ਜਾਂਦੇ ਸੂਬੇ ਪੰਜਾਬ ਵਿੱਚ ਹਰ ਸਾਲ ਸੜਕ ਹਾਦਸਿਆ ਦੀ ਸੰਖਿਆ ਵਿੱਚ ਵਾਧਾ ਹੋ ਰਿਹਾ ਹੈ ਅਤੇ ਇਸਦੇ ਨਾਲ ਹੀ ਸੜ੍ਹਕ ਹਾਦਸਿਆ ਵਿੱਚ ਮਰਨ ਵਾਲਿਆਂ ਦੀ ਗਿਣਤੀ ਵਿੱਚ ਵੀ ਵਾਧਾ ਹੋ ਰਿਹਾ ਹੈ। ਬੇਸ਼ੱਕ ਸਰਕਾਰ ਵੱਲੋਂ ਜਨਤਾ ਨੂੰ ਟ੍ਰੈਫਿਕ ਨਿਯਮਾਂ ਬਾਰੇ ਜਾਗਰੂਕ ਕਰਨ ਲਈ ਹਰ ਸਾਲ ਕਰੋੜਾਂ ਰੁਪਏ ਖਰਚ ਕਰਕੇ ਟ੍ਰੈਫਿਕ ਜਾਗਰੂਕਤਾ ਕੈਂਪ ਲਗਾਏ ਜਾ ਰਹੇ ਹਨ ਪਰ ਇਸਦੇ ਬਾਵਜੂਦ ਵੀ ਸੜਕ ਹਾਦਸਿਆ ਦੀ ਸੰਖਿਆ ਦਿਨ ਪ੍ਰਤੀ ਦਿਨ ਵੱਧ ਰਹੀ ਹੈ ਜੋ ਕਿ ਗੰਭੀਰ ਚਿੰਤਾ ਦਾ ਵਿਸ਼ਾ ਹੈ। ਪੰਜਾਬ ਵਿੱਚ ਟ੍ਰੈਫਿਕ ਨਿਯਮਾਂ ਬਾਰੇ ਆਮ ਜਨਤਾ ਨੂੰ ਜਾਗਰੂਕ ਕਰਨ ਦੇ ਬਾਵਜੂਦ ਵੀ ਟ੍ਰੈਫਿਕ ਨਿਯਮਾਂ ਦੀ ਉਲੰਘਣਾਂ ਲਈ ਕੀਤੇ ਜਾਣ ਵਾਲੇ ਚਲਾਨਾਂ ਦੀ ਗਿਣਤੀ ਹਰ ਸਾਲ ਵੱਧਦੀ ਜਾ ਰਹੀ ਹੈ ਅਤੇ ਸੜ੍ਹਕ ਹਾਦਸਿਆਂ ਦੀ ਗਿਣਤੀ ਵਿੱਚ ਵੀ ਹਰ ਸਾਲ ਵਾਧਾ ਹੁੰਦਾ ਜਾ ਰਿਹਾ ਹੈ ਅਤੇ ਲੋਕ ਆਪਣੀ ਜਾਨ ਗਵਾ ਰਹੇ ਹਨ। ਬੇਸ਼ੱਕ ਚਲਾਨਾਂ ਦੀ ਗਿਣਤੀ ਵੱਧਣ ਨਾਲ ਸਰਕਾਰ ਨੂੰ ਕਰੋੜਾਂ ਰੁਪਏ ਦੀ ਆਮਦਨ ਹੋ ਰਹੀ ਹੈ ਪਰ ਇਸ ਦੋਰਾਨ ਵਾਪਰਨ ਵਾਲੇ ਸੜਕ ਹਾਦਸਿਆਂ ਕਾਰਨ ਜਿਹਨਾਂ ਲੋਕਾਂ ਦੀ ਜਾਨ ਜਾ ਰਹੀ ਹੈ ਉਹਨਾਂ ਦਾ ਘਾਟਾ ਕਿਵੇਂ ਅਤੇ ਕੋਣ ਪੂਰਾ ਕਰੇਗਾ ਇਹ ਇੱਕ ਗੰਭੀਰ ਸਵਾਲ ਹੈ। ਸੜਕ ਹਾਦਸਿਆ ਦਾ ਪ੍ਰਮੁੱਖ ਕਾਰਨ ਵੱਧ ਰਿਹਾ ਟ੍ਰੈਫਿਕ, ਟੁੱਟੀਆ ਸੜਕਾਂ, ਜਨਤਾ ਵਿੱਚ ਟ੍ਰੈਫਿਕ ਨਿਯਮਾਂ ਬਾਰੇ ਜਾਣਕਾਰੀ ਦੀ ਕਮੀ ਆਦਿ ਹਨ। ਸਰਕਾਰ ਵੱਲੋਂ ਸੜਕਾਂ ਦੇ ਨਿਰਮਾਣ ਅਤੇ ਰੱਖ ਰਖਾਵ ਲਈ ਜਨਤਾ ਤੋਂ ਰੋਡ ਟੈਕਸ, ਰੋਡ ਸੈਸ ਅਤੇ ਹੋਰ ਕਈ ਤਰ੍ਹਾਂ ਦੇ ਟੈਕਸ ਲਏ ਜਾਂਦੇ ਹਨ। ਹੁਣ ਪ੍ਰਾਇਵੇਟ ਕੰਪਨੀਆਂ ਤੋਂ ਸੜਕਾਂ ਦਾ ਨਿਰਮਾਣ ਕਰਵਾ ਕੇ ਸੜਕਾ ਤੇ ਟੋਲ ਟੈਕਸ ਲਗਾ ਦਿੱਤੇ ਗਏ ਹਨ ਜੋ ਕਿ ਹਰ ਆਉਣ ਜਾਣ ਵਾਲੀ ਗੱਡੀ ਤੋਂ ਰਾਹਦਾਰੀ (ਟੋਲ ਟੈਕਸ) ਵਸੂਲ ਕਰਦੇ ਹਨ। ਜਨਤਾ ਵੱਲੋਂ ਇੰਨੇ ਜ਼ਿਆਦਾ ਟੈਕਸ ਦੇਣ ਦੇ ਬਾਵਜੂਦ ਵੀ ਜਨਤਾ ਨੂੰ ਟੁੱਟੀਆ ਸੜਕਾਂ ਮਿਲਦੀਆਂ ਹਨ ਜਿਸ ਕਰਕੇ ਆਏ ਦਿਨ ਸੜਕ ਹਾਦਸਿਆ ਵਿੱਚ ਜਨਤਾ ਆਪਣੀ ਜਾਨ ਗਵਾ ਰਹੀ ਹੈ। ਜੇਕਰ ਪੰਜਾਬ ਵਿੱਚ ਵਾਪਰੇ ਸੜ੍ਹਕ ਹਾਦਸਿਆਂ ਦੇ ਪਿਛਲੇ ਅੰਕੜੇ ਵੇਖੀਏ ਤਾਂ ਸਾਲ 2006 ਵਿੱਚ 4737 ਸੜਕ ਹਾਦਸੇ ਹੋਏ ਜਿਸ ਵਿੱਚ 2966 ਲੋਕਾਂ ਦੀ ਜਾਨ ਗਈ ਅਤੇ 4270 ਲੋਕ ਜ਼ਖਮੀ ਹੋਏ। ਸਾਲ 2007 ਵਿੱਚ 5208 ਸੜਕ ਹਾਦਸੇ ਹੋਏ ਜਿਸ ਵਿੱਚ 3363 ਲੋਕਾਂ ਦੀ ਜਾਨ ਗਈ ਅਤੇ 4430 ਲੋਕ ਜ਼ਖਮੀ ਹੋਏ। ਪੰਜਾਬ ਵਿੱਚ ਸਾਲ 2008 ਵਿੱਚ 5409 ਸੜਕ ਹਾਦਸੇ ਹੋਏ ਜਿਸ ਵਿੱਚ 3333 ਵਿਅਕਤੀਆਂ ਦੀ ਮੌਤ ਹੋਈ ਅਤੇ 4868 ਵਿਅਕਤੀ ਜ਼ਖਮੀ ਹੋਏ। ਸਾਲ 2009 ਵਿੱਚ 6425 ਸੜਕ ਹਾਦਸੇ ਹੋਏ ਜਿਸ ਵਿੱਚ 3622 ਵਿਅਕਤੀਆਂ ਦੀ ਮੌਤ ਹੋਈ ਅਤੇ 5674 ਵਿਅਕਤੀ ਜ਼ਖਮੀ ਹੋਏ। ਸਾਲ 2010 ਵਿੱਚ 6641 ਸੜਕ ਹਾਦਸੇ ਹੋਏ ਜਿਸ ਵਿੱਚ 3424 ਵਿਅਕਤੀਆਂ ਦੀ ਮੌਤ ਹੋਈ ਅਤੇ 5854 ਵਿਅਕਤੀ ਜ਼ਖਮੀ ਹੋਏ। ਸਾਲ 2011 ਵਿੱਚ 6100 ਸੜਕ ਹਾਦਸੇ ਹੋਏ ਜਿਸ ਵਿੱਚ 3613 ਵਿਅਕਤੀਆਂ ਦੀ ਮੌਤ ਹੋਈ ਅਤੇ 5125 ਵਿਅਕਤੀ ਜ਼ਖਮੀ ਹੋਏ। ਸਾਲ 2012 (ਸਤੰਬਰ ਤੱਕ) ਵਿੱਚ  3953 ਸੜਕ ਹਾਦਸੇ ਹੋਏ ਜਿਸ ਵਿੱਚ 2454 ਵਿਅਕਤੀਆਂ ਦੀ ਮੌਤ ਹੋਈ ਅਤੇ 3648 ਵਿਅਕਤੀ ਜ਼ਖਮੀ ਹੋਏ। ਪੰਜਾਬ ਵਿੱਚ ਔਸਤਨ ਹਰ ਰੋਜ਼ 10 ਵਿਅਕਤੀ ਸੜਕ ਹਾਦਸਿਆਂ ਵਿੱਚ ਆਪਣੀ ਜਾਨ ਗਵਾ ਰਹੇ ਹਨ ਅਤੇ ਇਸਤੋਂ ਵੱਧ ਜਖਮੀ ਹੋ ਰਹੇ ਹਨ। ਪੁਲਿਸ ਵਲੋਂ ਸੜ੍ਹਕਹਾਦਸਿਆਂ ਨੂੰ ਰੋਕਣ ਦੇ ਨਾਮ ਤੇ ਵਾਹਨਾਂ ਦੇ ਚਲਾਨ ਕੱਟਣ ਤੇ ਹੀ ਜੋਰ ਦਿਤਾ ਜਾਂਦਾ ਹੈ। ਪੁਲਿਸ ਵਲੋਂ ਹਰ ਸਾਲ ਲੱਖਾਂ ਰੁਪਏ ਟ੍ਰੈਫਿਕ ਨਿਯਮਾਂ ਪ੍ਰਤੀ ਲੋਕਾਂ ਨੂੰ ਜਾਗਰੂਕ ਕਰਨ ਲਈ ਖਰਚੇ ਜਾਂਦੇ ਹਨ ਪਰ ਹਰ ਸਾਲ ਵੱਧ ਰਹੇ ਸੜ੍ਹਕ ਹਾਦਸੇ ਇਸ ਗੱਲ ਦੀ ਜਿੰਦਾ ਮਸਾਲ ਹੈ ਕਿ ਟ੍ਰੈਫਿਕ ਜਾਗਰੂਕਤਾ ਅਭਿਆਨ ਵੀ ਸੜ੍ਹਕ ਹਾਦਸਿਆਂ ਨੂੰ ਰੋਕਣ ਵਿੱਚ ਬਹੁਤ ਜਿਆਦਾ ਮੱਦਦਗਾਰ ਸਾਬਤ ਨਹੀਂ ਆ ਰਹੇ ਹਨ। ਪੁਲਿਸ ਵਲੋਂ  ਸਕੂਲਾਂ, ਕਾਲਜ਼ਾਂ, ਟਰੱਕ ਯੂਨੀਅਨਾਂ, ਰਿਕਸ਼ਾ ਯੂਨੀਅਨਾਂ, ਸ਼ਹਿਰਾਂ ਅਤੇ ਪਿੰਡਾਂ ਵਿੱਚ ਟਰੈਫਿਕ ਐਜੂਕੇਸ਼ਨ ਸੈਲ ਸਥਾਪਿਤ ਕੀਤੇ ਗਏ ਹਨ ਜੋ ਕਿ ਇਹਨਾਂ ਨੂੰ ਟਰੈਫਿਕ ਨਿਯਮਾਂ ਬਾਰੇ ਜਾਣਕਾਰੀ ਦੇ ਕੇ ਜਾਗਰੂਕ ਕਰਦੇ ਹਨ ਤਾਂ ਜੋ ਸੜਕ ਹਾਦਸੇ ਘੱਟ ਹੋਣ। ਪਰ ਹਰ ਸਾਲ ਵੱਧ ਰਹੇ ਸੜਕ ਹਾਦਸਿਆਂ ਦੀ ਸੰਖਿਆ ਲੋਕਾਂ ਨੂੰ ਟਰੈਫਿਕ ਨਿਯਮਾਂ ਬਾਰੇ ਜਾਣਕਾਰੀ ਦੇਣ ਤੇ ਪ੍ਰਸ਼ਨ ਚਿੰਨ ਲਗਾਉਂਦੀ ਹੈ। ਸਰਕਾਰ ਨੂੰ ਸੜ੍ਹਕ ਹਾਦਸਿਆਂ ਨੂੰ ਰੋਕਣ ਲਈ ਠੋਸ ਯੋਜਨਾ ਤਿਆਰ ਕਰਨੀ ਚਾਹੀਦੀ ਹੈ। ਸੜ੍ਹਕ ਹਾਦਸੇ ਵਾਪਰਨ ਲਈ ਦੀ ਸਰਕਾਰ ਨੂੰ ਜਿੰਮੇਵਾਰ ਮੰਨਿਆ ਜਾਣਾ ਚਾਹੀਦਾ ਹੈ। ਸੜ੍ਹਕ ਹਾਦਸੇ ਵਿੱਚ ਭਾਵੇ ਕੋਈ ਵਿਸ਼ੇਸ਼ ਵਿਅਕਤੀ ਦੀ ਜਾਨ ਜਾਵੇ ਭਾਂਵੇ ਆਮ ਆਦਮੀ ਦੀ ਸਰਕਾਰ ਨੂੰ ਉਸਦੀ ਚਿੰਤਾ ਕਰਨੀ ਚਾਹੀਦੀ ਹੈ ਅਤੇ ਅਜਿਹਾ ਸੜ੍ਹਕ ਹਾਦਸਾ ਮੁੜ੍ਹ ਨਾਂ ਵਾਪਰੇ ਉਸ ਲਈ ਠੋਸ ਕਦਮ ਚੁੱਕਣੇ ਚਾਹੀਦੇ ਹਨ