ਚੇਅਰਮੈਨ ਬਖਸ਼ੀ ਰਾਮ “ਪਾਲ” ਦੀ ਸੁਪਤਨੀ ਬੀਬੀ ਬਲਬੀਰ ਕੌਰ ਨੂੰ ਸ਼ਰਧਾਂਜਲੀਆਂ

ਰਾਸ ਅਲ ਖੇਮਾਂ, 30 ਨਵੰਬਰ- ਬੀਬੀ ਬਲਬੀਰ ਕੌਰ ਸੁਪਤਨੀ ਸ਼੍ਰੀ ਬਖਸ਼ੀ ਰਾਮ “ਪਾਲ” ਚੇਅਰਮੈਨ ਸ਼੍ਰੀ ਗੁਰੂ ਰਵਿਦਾਸ ਵੈਲਫੇਅਰ ਸੁਸਾਇਟੀ ਅਜਮਾਨ ਦੀ ਪੰਜਵੀਂ ਬਰਸੀ ਸਬੰਧੀ ਸ਼੍ਰੀ ਸੁਖਮਨੀ ਸਾਹਿਬ ਜੀ ਦੇ ਪਾਠ ਦੇ ਭੋਗ ਉਪਰੰਤ ਸੰਤ ਨਿਰਮਲ ਦਾਸ ( ਬਾਬੇ ਜੌੜੇ) ਪ੍ਰਧਾਨ ਸ਼੍ਰੀ ਗੁਰੂ ਰਵਿਦਾਸ ਸਾਧੂ ਸੰਪ੍ਰਦਾਇ ਸੁਸਾਇਟੀ (ਰਜਿ:) ਪੰਜਾਬ ਨੇ ਕਿਹਾ ਬੀਬੀ ਬਲਬੀਰ ਕੌਰ ਗੁਰੂ ਘਰ ਦੇ ਸ਼ਰਧਾਲੂ ਸਨ।  ਉਨ੍ਹਾਂ ਦੀ ਸ਼ਖਸੀਅਤ ਸਦਕਾ ਪੂਰਾ ਪ੍ਰੀਵਾਰ ਉਨ੍ਹਾਂ ਦੇ ਕਦਮਾਂ ਉੱਤੇ ਚੱਲਦਾ ਹੋਇਆ ਦਿਨ ਦੁਗਣੀ ਤੇ ਰਾਤ ਚੌਗੁਣੀ ਤਰੱਕੀ ਕਰ ਰਿਹਾ ਹੈ।  ਉਨ੍ਹਾਂ ਕਿਹਾ ਏਹੋ ਜਿਹੀਆਂ ਮਹਾਨ ਰੂਹਾਂ ਕਦੇ - ਕਦੇ ਹੀ ਜਨਮ ਲੈਂਦੀਆਂ ਹਨ। ਇਸ ਮੌਕੇ ਸ਼੍ਰੀ ਰੂਪ ਸਿੱਧੂ ਪ੍ਰਧਾਨ ਸ਼੍ਰੀ ਗੁਰੂ ਰਵਿਦਾਸ ਵੈਲਫੇਅਰ ਸੁਸਾਇਟੀ ਅਜਮਾਨ ਨੇ ਸ਼ਰਧਾਂਜਲੀ ਭੇਟ ਕਰਦਿਆਂ ਕਿਹਾ ਕਿ ਬੀਬੀ ਜੀ ਦੇ ਨੇਕ ਸੁਭਾਅ, ਮਿੱਠਬੋਲੜੇਪਨ ਅਤੇ ਸਮਾਜ ਭਲਾਈ ਦੇ ਕਾਰਜਾਂ ਕਰਕੇ ਉਹ ਹਮੇਸ਼ਾਂ ਅਮਰ ਰਹਿਣਗੇ ।  ਸੁਸਾਇਟੀ ਦੇ ਸਕੱਤਰ ਬਲਵਿੰਦਰ ਸਿੰਘ ਬੱਧਣ, ਬਲਵਿੰਦਰ ਸਿੰਘ ਠੇਕੇਦਾਰ, ਅਜੀਤ ਪ੍ਰਤੀਨਿਧ ਸ਼੍ਰੀ ਬੀਰ ਚੰਦ ਸੁਰੀਲਾ ਅਤੇ ਜੌਨੀ ਰਾਜਾ ਗੰਗੜ ਪ੍ਰਚਾਰਕ ਸ਼੍ਰੀ ਗੁਰੂ ਰਵਿਦਾਸ ਇਤਹਾਸਿਕ ਅਸਥਾਨ ਚਰਨ-ਛੋਹ ਗੰਗਾ ਅਮ੍ਰਿਤਕੁੰਡ ਸੱਚਖੰਡ ਖੁਰਾਲਗੜ੍ਹ ਸਾਹਿਬ ਨੇ ਵੀ ਬੀਬੀ ਬਲਬੀਰ ਕੌਰ ਨੂੰ ਸ਼ਰਧਾ ਦੇ ਫੁੱਲ ਭੇਟ ਕੀਤੇ।  ਸ਼੍ਰੀ ਸੱਤ ਪਾਲ ਮਹੇ, ਬਲਵਿੰਦਰ ਸਿੰਘ, ਚੂਹੜ ਸਿੰਘ ਅਤੇ ਗਗਨਜੋਤ ਕੌਰ ਪ੍ਰਭਜੋਤ ਤੇ ਸੁਖਹਰਚਰਨ ਸਿੰਘ ਦੇ ਬਾਲ ਜਥੇ  ਆਦਿ ਨੇ ਵੈਰਾਗਮਈ ਕੀਰਤਨ ਰਾਹੀ ਸੰਗਤ ਨੂੰ ਨਿਹਾਲ ਕੀਤਾ। ਬਰਸੀ ਸਮਾਗਮ ਵਿੱਚ ਵੱਖ ਵੱਖ ਸ਼ਹਿਰਾਂ ਤੋਂ ਵੱਡੀ ਗਿਣਤੀ ਵਿੱਚ ਸੰਗਤ ਨੇ ਸ਼ਮੂਲੀਅਤ ਕੀਤੀ। ਚੇਅਰਮੈਨ ਸ਼੍ਰੀ ਬਖਸ਼ੀ ਰਾਮ “ਪਾਲ” ਨੇ ਆਈ ਹੋਈ ਸੰਗਤ ਦਾ ਧੰਨਵਾਦ ਕੀਤਾ।  ਗੁਰੂ ਦਾ ਲੰਗਰ ਅਤੁੱਟ ਵਰਤਾਇਆ ਗਿਆ।