ਬੀ ਬੀ ਐਮ ਬੀ ਦੇ ਭਾਖੜਾ ਡੈਮ ਪ੍ਰੋਜੈਕਟ ਦੇ 50 ਸਾਲ ਪੂਰੇ ਹੋਣ ਤੇ ਹੋਇਆ ਸਵਰਨ ਜਯੰਤੀ ਸਮਾਰੋਹ ਡਾਕ ਵਿਭਾਗ ਵਲੋਂ ਡਾਕ ਟਿਕਟ ਜਾਰੀ।

 22 ਅਕਤੂਬਰ, 2013 (ਕੁਲਦੀਪ ਚੰਦ) ਬੀ ਬੀ ਐਮ ਬੀ ਦੇ ਭਾਖੜਾ ਡੈਮ ਪ੍ਰੋਜੈਕਟ ਦੇ 50 ਸਾਲ ਪੂਰੇ ਹੋਣ ਤੇ ਗੋਲਡਨ ਜੁਬਲੀ ਸਮਾਰੋਹ ਕਰਵਾਇਆ ਗਿਆ ਜਿਸ ਵਿੱਚ ਕੇਂਦਰੀ ਜਲ ਸੰਸਾਧਨ ਮੰਤਰੀ ਹਰੀਸ਼ ਰਾਵਤ ਮੁੱਖ ਮਹਿਮਾਨ ਦੇ ਤੋਰ ਤੇ ਪਹੁੰਚੇ। ਇਸ ਸਮਾਰੋਹ ਵਿੱਚ ਹਰਿਆਣਾ ਦੇ ਮੁੱਖ ਮੰਤਰੀ ਭੂਪਿੰਦਰ ਸਿੰਘ ਹੂਡਾ, ਹਿਮਾਚਲ ਪ੍ਰਦੇਸ਼ ਦੇ ਮੰਤਰੀ ਡਾਕਟਰ ਧੰਨੀ ਰਾਮ ਸ਼ਾਂਡਲੀਆ, ਪੰਜਾਬ ਦੇ ਸਿੰਚਾਈ ਮੰਤਰੀ ਜਨਮੇਜਾ ਸਿੰਘ ਸੇਖੋਂ, ਵਿੱਤ ਮੰਤਰੀ ਪਰਮਿੰਦਰ ਸਿੰਘ ਢੀਂਡਸਾ, ਰਾਜ ਸਭਾ ਮੈਂਬਰ ਅਵਿਨਾਸ਼ ਰਾਏ ਖੰਨਾ, ਲੋਕ ਸਭਾ ਮੈਂਬਰ ਰਵਨੀਤ ਸਿੰਘ ਬਿੱਟੂ, ਵਿਚ ਜਿੱਥੇ ਪੰਜਾਬ ਦੇ ਸਿੰਚਾਈ ਮੰਤਰੀ ਜਨਮੇਜਾ ਸਿੰਘ ਸੇਖੋਂ ਅਤੇ ਖਜਾਨਾ ਮੰਤਰੀ ਪਰਮਿੰਦਰ ਸਿੰਘ ਢੀਂਡਸਾ, ਪ੍ਰਦੀਪ ਕੁਮਾਰ ਸਿਨਹਾ ਸਕੱਤਰ ਊਰਜਾ ਭਾਰਤ ਸਰਕਾਰ, ਕੁਲਵੀਰ ਸਿੰਘ ਚੀਫ ਪੋਸਟ ਮਾਸਟਰ ਜਨਰਲ ਪੰਜਾਬ, ਚੇਅਰਮੈਨ ਬੀ ਬੀ ਐਮ ਬੀ ਏ ਬੀ ਅਗਰਵਾਲ ਆਦਿ ਹਾਜਰ ਸਨ। ਇਸ ਮੋਕੇ ਸਭਤੋਂ ਪਹਿਲਾਂ ਮੁੱਖ ਮਹਿਮਾਨ ਹਰੀਸ਼ ਰਾਵਤ ਨੇ ਨੰਗਲ ਵਿੱਚ ਇੰਨਡੋਰ ਸਟੇਡੀਅਮ ਦਾ ਨੀਂਹ ਪੱਥਰ ਰੱਖਿਆ ਅਤੇ ਭਾਖੜਾ ਡੈਮ ਤੇ ਯਾਦਗਾਰ ਪੱਥਰ ਦਾ ਉਦਘਾਟਨ ਕੀਤਾ। ਇਸ ਮੋਕੇ ਸਥਾਨਕ ਕ੍ਰਿਕਟ ਗਰਾਂਊਡ ਵਿੱਚ ਕਰਵਾਏ ਗਏ ਇੱਕ ਸਮਾਗਮ ਵਿੱਚ ਬੋਲਦਿਆਂ ਲੋਕ ਸਭਾ ਮੈਂਬਰ ਰਵਨੀਤ ਸਿੰਘ ਬਿਟੂ ਨੇ ਸਥਾਨਕ ਲੋਕਾਂ ਦੀਆਂ ਮੰਗਾਂ ਵੱਲ ਕੇਂਦਰੀ ਮੰਤਰੀ ਦਾ ਵਿਸ਼ੇਸ਼ ਧਿਆਨ ਦਿਲਵਾਇਆ ਅਤੇ ਇੰਨਾਂ ਮੰਗਾਂ ਦੀ ਪੂਰਤੀ ਦੀ ਅਪੀਲ ਕੀਤੀ। ਹਰਿਆਣਾ ਦੇ ਮੁੱਖ ਮੰਤਰੀ ਭੂਪਿੰਦਰ ਸਿੰਘ ਹੂਡਾ ਨੇ ਅਪਣੀਆਂ ਯਾਦਾਂ ਸਾਂਝੀਆਂ ਕਰਦਿਆਂ ਕਿਹਾ ਕਿ ਇਸ ਡੈਮ ਨਾਲ ਉਨ੍ਹਾਂ ਦੇ ਪਰਿਵਾਰ ਦੀਆਂ ਭਾਵਨਾਵਾਂ ਜੁੜ੍ਹੀਆਂ ਹਨ ਅਤੇ ਇਸ ਲਈ ਉਨ੍ਹਾਂ ਨੇ ਅਪਣੇ ਪਿਤਾ ਚੋਧਰੀ ਰਣਵੀਰ ਹੂਡਾ ਦੀਆਂ ਅਸਥੀਆਂ ਵੀ ਇੱਥੇ ਹੀ ਜਲ ਪ੍ਰਵਾਹ ਕੀਤੀਆਂ ਹਨ। ਮੁੱਖ ਮਹਿਮਾਨ ਹਰੀਸ਼ ਰਾਵਤ ਨੇ ਕਿਹਾ ਕਿ ਭਾਖੜਾ ਡੈਮ ਪ੍ਰੋਜੈਕਟ ਨੇ ਦੇਸ ਵਿੱਚ ਹਰੀ ਕ੍ਰਾਂਤੀ ਲਿਆਉਣ ਵਿੱਚ ਮੁੱਖ ਭੂਮਿਕਾ ਨਿਭਾਈ ਹੈ। ਇਸ ਮੋਕੇ ਉਨ੍ਹਾਂ ਨੇ ਡਾਕ ਵਿਭਾਗ ਵਲੋਂ ਤਿਆਰ ਕੀਤੀ ਭਾਖੜਾ ਡੈਮ ਦੀ ਗੋਲਡਨ ਜੁਬਲੀ ਸਬੰਧੀ ਵਿਸ਼ੇਸ਼ ਟਿਕਟ ਜਾਰੀ ਕੀਤੀ। ਉਨ੍ਹਾਂ ਨੇ ਭਾਖੜਾ ਡੈਮ ਦੇ ਨਿਰਮਾਣ ਦੌਰਾਨ ਸ਼ਹੀਦ ਹੋਏ ਸੈਂਕੜੇ ਵਰਕਰਾਂ, ਅਧਿਕਾਰੀਆਂ ਨੂੰ ਸ਼ਰਧਾ ਦੇ ਫੁੱਲ ਭੇਂਟ ਕੀਤੇ ਅਤੇ ਅਧਿਕਾਰੀਆਂ  ਨੂੰ ਸਨਮਾਨਿਤ ਕੀਤਾ। ਉਨ੍ਹਾਂ ਨੇ ਇਸ ਡੈਮ ਤੋਂ ਪੰਜਾਬ ਅਤੇ ਹੋਰ ਸੂਬਿਆਂ ਨੂੰ ਮਿਲ ਰਹੀ ਬਿਜਲੀ, ਸਿੰਚਾਈ ਲਈ ਪਾਣੀ ਅਤੇ ਰੁਜ਼ਗਾਰ ਦਾ ਵੀ ਵਿਸ਼ੇਸ਼ ਤੌਰ ਤੇ ਜ਼ਿਕਰ ਕੀਤਾ। ਉਨ੍ਹਾਂ ਹਾਜਰ ਅਧਿਕਾਰੀਆਂ ਅਤੇ ਆਗੂਆਂ ਨੂੰ ਭਰੋਸਾ ਦਿਲਵਾਇਆ ਕਿ ਇਲਾਕੇ ਦੇ ਲੋਕਾਂ ਦੀਆਂ ਮੰਗਾਂ ਦੇ ਹੱਲ ਲਈ ਜਲਦੀ ਕਾਰਵਾਈ ਸ਼ੁਰੂ ਕੀਤੀ ਜਾਵੇਗੀ। ਉਨ੍ਹਾਂ ਇਸ ਮੋਕੇ ਸਮੂਹ ਕਰਮਚਾਰੀਆਂ ਨੂੰ 2 ਮਹੀਨੇ ਦੀ ਵਿਸੇਸ਼ ਤਨਖਾਹ ਦੇਣ ਦਾ ਵਾਅਦਾ ਅਤੇ ਐਲਾਨ ਕੀਤਾ। ਖਜ਼ਾਨਾ ਮੰਤਰੀ ਪਰਮਿੰਦਰ ਸਿੰਘ ਢੀਂਡਸਾ ਨੇ ਇਸ ਸਮਾਰੋਹ ਮੌਕੇ ਬੋਲਦਿਆਂ ਕਿਹਾ ਕਿ ਇਸ ਸਮਾਰੋਹ ਵਿਚ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਪ੍ਰਕਾਸ਼ ਸਿੰਘ ਬਾਦਲ ਨੇ ਉਨ੍ਹਾਂ ਨੂੰ ਵਿਸ਼ੇਸ਼ ਤੌਰ ਤੇ ਇੱਥੇ ਭੇਜਿਆ ਹੈ ਅਤੇ ਪੰਜਾਬ ਸਰਕਾਰ ਵੱਲੋਂ  ਉਨ੍ਹਾਂ ਨੇ ਕੇਂਦਰੀ ਮੰਤਰੀ ਨੂੰ ਇਸ ਦੇ ਬਾਕੀ ਰਹਿੰਦੇ ਹੋਰ ਜਰੂਰੀ ਰੁਕੇ ਹੋਏ ਪ੍ਰੋਜੈਕਟ ਜਲਦੀ ਮੁਕੰਮਲ ਕਰਵਾਉਣ ਲਈ ਬੇਨਤੀ ਕੀਤੀ ਹੈ ਅਤੇ ਕੇਂਦਰੀ ਮੰਤਰੀ ਨੇ  ਉਨ੍ਹਾਂ ਨੂੰ ਭਰੋਸਾ ਦਵਾਇਆ ਹੈ ਕਿ ਕੇਂਦਰ ਵੱਲੋਂ ਪੰਜਾਬ ਦੀਆਂ ਸਾਰੀਆਂ ਜਰੂਰੀ ਪ੍ਰੋਜੈਕਟਾ ਦੀਆਂ ਰੁਕੀਆਂ ਹੋਈਆਂ ਫਾਈਲਾਂ ਦੇ ਅੜਿੱਕੇ ਦੂਰ ਕਰਕੇ ਇਹ ਪ੍ਰੋਜੈਕਟ ਮਨਜੂਰ ਕੀਤੇ ਜਾਣਗੇ। ਇਸ ਮੋਕੇ ਬੀ ਬੀ ਐਮ ਬੀ ਦੇ ਚੇਅਰਮੈਨ ਏ ਬੀ ਅਗਰਵਾਲ, ਚੀਫ ਇੰਜਨੀਅਰ ਏ ਕੇ ਬਾਲੀ, ਕੇ ਕੇ ਕੋਲ, ਐਸ ਪੀ ਐਸ ਸੈਣੀ, ਅਸ਼ੋਕ ਗੁਪਤਾ, ਵੀ ਪੀ ਸ਼ਰਮਾ  ਸਮੇਤ ਸਮੂਹ ਮੈਂਬਰ, ਅਧਿਕਾਰੀ ਅਤੇ ਕਰਮਚਾਰੀ ਹਾਜਰ ਸਨ। 


ਹਰਿਆਣਾ ਦੇ ਮੁੱਖ ਮੰਤਰੀ ਨੇ ਦਿਖਾਈ ਦਲੇਰੀ ਅਤੇ ਇਲਾਕੇ ਦੇ ਹਸਪਤਾਲ ਲਈ 51 ਲੱਖ ਰੁਪਏ ਦਾ ਐਲਾਨ ਕੀਤਾ ਪਰੰਤੂ ਪੰਜਾਬ ਸਰਕਾਰ ਦੇ ਮੰਤਰੀ ਰਹੇ ਚੁੱਪ।
ਅੱਜ ਭਾਖੜਾ ਡੈਮ ਦੇ ਗੋਲਡਨ ਜੁਬਲੀ ਸਮਾਰੋਹ ਵਿੱਚ ਬੋਲਦਿਆਂ ਹਰਿਆਣਾ ਦੇ ਮੁੱਖ ਮੰਤਰੀ ਭੂਪਿੰਦਰ ਸਿੰਘ ਹੂਡਾ ਨੇ ਬੀ ਬੀ ਐਮ ਬੀ ਹਸਪਤਾਲ ਦੇ ਸੁਧਾਰ ਅਤੇ ਸਹੂਲਤਾਂ ਲਈ ਹਰਿਆਣਾ ਸਰਕਾਰ ਵਲੋਂ 51 ਲੱਖ ਰੁਪਏ ਦੇਣ ਦੀ ਘੋਸ਼ਣਾ ਕੀਤੀ ਪਰੰਤੂ ਪੰਜਾਬ ਸਰਕਾਰ ਦੇ ਨੁੰਮਾਇਦੇ ਅਤੇ ਵਿੱਤ ਮੰਤਰੀ ਪਰਮਿੰਦਰ ਸਿੰਘ ਢੀਂਡਸਾ ਨੇ ਇਸ ਸਬੰਧੀ ਚੁੱਪ ਵੱਟ ਰੱਖੀ।

ਸਥਾਨਕ ਭਾਜਪਾ ਵਿਧਾਇਕ ਅਤੇ ਮੰਤਰੀ ਰਹੇ ਗੈਰ ਹਾਜਰ
ਬੀ ਬੀ ਐਮ ਬੀ ਦੇ ਭਾਖੜਾ ਡੈਮ ਪ੍ਰੋਜੈਕਟ ਦੇ ਗੋਲਡਨ ਜੁਬਲੀ ਸਮਾਰੋਹ ਵਿੱਚ ਸਥਾਨਕ ਭਾਜਪਾ ਆਗੂ ਵਿਧਾਇਕ ਅਤੇ ਕੈਬਿਨਟ ਮੰਤਰੀ ਮਦਨ ਮੋਹਨ ਮਿਤਲ ਦੀ ਗੈਰ ਹਾਜਰੀ ਅੱਜ ਲੋਕਾਂ ਨੂੰ ਰੜਕਦੀ ਰਹੀ। ਬੇਸ਼ੱਕ ਅੱਜ ਦੇ ਸਮਾਰੋਹ ਵਿੱਚ ਹੋਰ ਕਈ ਨੇਤਾ ਜਿਨ੍ਹਾਂ ਵਿੱਚ ਸਰਦਾਰ ਪ੍ਰਕਾਸ ਸਿੰਘ ਬਾਦਲ ਮੁੱਖ ਮੰਤਰੀ ਪੰਜਾਬ, ਵੀਰਭਦਰ ਸਿੰਘ ਮੁੱਖ ਮੰਤਰੀ ਹਿਮਾਚਲ ਪ੍ਰਦੇਸ਼, ਅਸ਼ੋਕ ਗਹਲੋਤ ਮੁੱਖ ਮੰਤਰੀ ਰਾਜਾਸਥਾਨ, ਸਤਪਾਲ ਸੱਤੀ ਵਿਧਾਇਕ ਹਿਮਾਚਲ ਪ੍ਰਦੇਸ਼, ਰਣਧੀਰ ਸ਼ਰਮਾ ਵਿਧਾਇਕ ਹਿਮਾਚਲ ਪ੍ਰਦੇਸ਼ ਆਦਿ ਨਹੀਂ ਪਹੁੰਚੇ ਪਰੰਤੂ ਸਥਾਨਕ ਭਾਜਪਾ ਆਗੂ ਅਤੇ ਕੈਬਿਨਟ ਮੰਤਰੀ ਪੰਜਾਬ ਮਦਨ ਮੋਹਨ ਮਿਤਲ ਜੋਕਿ ਬਾਹਰ ਗਏ ਸਨ ਦੀ ਘਾਟ ਲੋਕਾਂ ਨੂੰ ਵਿਸ਼ੇਸ਼ ਤੋਰ ਤੇ ਮਹਿਸੂਸ ਰਹੀ।
ਕੁਲਦੀਪ ਚੰਦ
9417563054