28 ਅਗਸਤ ( ਬਿਨਪਾਲਕੇ )  ਸ੍ਰੀ ਗੁਰੂ ਰਵਿਦਾਸ ਵੈਲਫੇਅਰ ਸੁਸਾਇਟੀ ਯੂ ਏ ਈ ਦੇ ਪ੍ਰਧਾਨ ਰੂਪ ਸਿੱਧ ਵਲੋਂ ਆਪਣੀ ਪੰਜਾਬ ਫੇਰੀ ਵੇਲੇ ਸ਼ੁਰੂ ਕੀਤੇ ਉਪਰਾਲੇ ਨੂੰ ਉਨ੍ਹਾਂ ਦੇ ਯੂ.ਏ.ਈ ਵਾਪਿਸ ਪਰਤ ਜਾਣ ਬਾਦ ਵੀ ਭਰਵਾਂ ਹੁੰਘਾਰਾ ਮਿਲ ਰਿਹਾ ਹੈ। ਪੰਜਾਬ ਭਰ ਦੀਆਂ ਸਤਿਗੁਰੂ ਰਵਿਦਾਸ ਭਵਨਾਂ ਦੀਆਂ ਕਮੇਟੀਆਂ ਦਾ ਆਪਸੀ ਤਾਲ-ਮੇਲ ਵਧਾਉਣ ਹਿਤ ਆਰੰਭੀਆਂ ਮੀਟਿੰਗਾਂ ਦੀ ਲੜੀ ਦਿਨ-ਬ-ਦਿਨ ਅੱਗੇ ਵਧ ਰਹੀ ਹੈ। ਅੱਜ ਭੋਗਪੁਰ ਦੇ ਨਜ਼ਦੀਕ ਪਿੰਡ ਬਿਨਪਾਲਕੇ ਵਿਖੇ ਬਹੁਤ ਸਾਰੇ ਪਿੰਡਾਂ ਦੀਆਂ ਸਤਿਗੁਰੂ ਰਵਿਦਾਸ ਭਵਨ ਕਮੇਟੀਆਂ ਦੀ ਇਕ ਮੀਟਿੰਗ ਹੋਈ। ਇਸ ਮੀਟਿੰਗ ਵਿੱਚ ਇਲਾਕੇ ਦੇ ਬਹੁਤ ਸਾਰੇ ਪਿੰਡਾਂ ਤੋਂ ਕਮੇਟੀਆਂ ਦੇ ਅਹੁਦੇਦਾਰਾਂ ਨੇ ਭਾਗ ਲਿਆ।ਭੋਗਪੁਰ ਬਲੌਕ ਤੋਂ ਇਲਾਵਾ ਹੁਸ਼ਿਆਰ ਪੁਰ ਤੋਂ ਵੀ ਕਈ ਅਹੁਦੇਦਾਰਾਂ ਅਤੇ ਬੁਲਾਰਿਆਂ ਨੇ ਆਪਣੇ ਵਿਚਾਰ ਰੱਖੇ। ਦੂਰ ਦੇ ਪਿੰਡ ਚੁਖਿਆਰੇ ਅਤੇ ਨੂਰ ਪੁਰ ਕਲੋਨੀ ਤੋਂ ਵੀ ਅਹੁਦੇਦਾਰਾਂ ਨੇ ਮੀਟਿੰਗ ਵਿੱਚ ਹਿੱਸਾ ਲਿਆ। ਅੱਜ ਦੀ ਮੀਟਿੰਗ ਵਿੱਚ ਸ਼੍ਰੀ ਸ਼ਿਵਦਿਆਲ ਅਨਜਾਣ ਧੋਗੜੀ, ਰਣਜੀਤ ਕੁਮਾਰ ਵਕੀਲ ਹੁਸ਼ਿਆਰਪੁਰ, ਮਾਸਟਰ ਕੇ. ਪੀ ਸਿੰਘ ਮਾਧੋਪੁਰ, ਰਾਜ ਕੁਮਾਰ ਕੋਟਲੀ, ਭਗਵਾਨ ਦਾਸ ਹੁਸ਼ਿਆਰ ਪੁਰ, ਸੁਖਵਿੰਦਰ ਸਿੰਘ ਨੰਗਲ ਫੀਦਾ, ਮਨਜੀਤ ਸਿੰਘ ਚੁਖਿਆਰਾ, ਮਾਸਟਰ ਨਾਂਗਲੂ, ਡਾਕਟਰ ਚਰਨਜੀਤ ਸਿੰਘ, ਦਿਲਾਵਰ ਮੱਲ ਨੂਰਪੁਰ ਕਲੋਨੀ ਅਤੇ ਹੋਰ ਕਈ ਬੁਲਾਰਿਆਂ ਨੇ ਆਪਣੇ ਵਿਚਾਰ ਰੱਖੇ। ਬਹੁਤ ਸਾਰੇ ਪਹਿਲੂਆਂ ਤੇ ਵਿਚਾਰ ਵਟਾਂਦਰੇ ਕੀਤੇ ਗਏ। ਸਾਰੇ ਹੀ ਮੈਂਬਰਾਂ ਨੇ ਸ਼੍ਰੀ ਸਿੱਧੂ ਵਲੋਂ ਸ਼ੁਰੂ ਕੀਤੇ ਇਸ ਉਪਰਾਲੇ ਦੀ ਸ਼ਲਾਂਘਾ ਕੀਤੀ ਅਤੇ ਇਸ ਵਿੱਚ ਯੋਗਦਾਨ ਪਾਉਣ ਦੇ ਵਾਅਦੇ ਕੀਤੇ। ਇਹ ਆਮ ਸਹਿਮਤੀ ਬਣੀ ਕਿ ਇਸ ਤਰਾਂ ਦੀਆਂ ਮੀਟਿੰਗਾਂ ਜਾਰੀ ਰਹਿਣੀਆਂ ਚਾਹੀਦੀਆਂ ਹਨ ਅਤੇ ਹੋਰ ਪਿੰਡਾਂ ਦੀਆਂ ਕਮੇਟੀਆਂ ਦੇ ਅਹੁਦੇਦਾਰਾਂ ਨੂੰ ਵੀ ਇਸ ਇਕੱਠ ਵਲ ਪ੍ਰੇਰਿਤ ਕਰਨਾ ਚਾਹੀਦਾ ਹੈ। ਮੀਟਿੰਗ ਦੌਰਾਨ ਵੀ ਰੂਪ ਸਿੱਧੂ ਜੀ ਫੋਨ ਰਾਹੀ ਮੈਂਬਰਾਂ ਨਾਲ ਸੰਪਰਕ ਵਿੱਚ ਰਹੇ ਅਤੇ ਮੀਟਿੰਗ ਦੀਆਂ ਗਤੀਵਿਧੀਆਂ ਬਾਰੇ ਜਾਣੂ ਹੁੰਦੇ ਰਹੇ। ਮੀਟਿੰਗ ਤੋਂ ਅਗਲੇ ਦਿਨ ਰੂਪ ਸਿੱਧੂ ਜੀ ਨੇ ਮੀਟਿੰਗ ਵਿੱਚ ਨਵੇਂ ਜੁੜੇ ਕੁੱਝ ਕਮੇਟੀਆਂ ਦੇ ਅਹੁਦੇਦਾਰਾਂ ਨਾਲ ਫੋਨ ਰਾਹੀ ਗੱਲ ਬਾਤ ਕੀਤੀ ਅਤੇ ਇਸ ਉਪਰਾਲੇ ਦੇ ਮੰਤਵ ਬਾਰੇ ਹੋਰ ਚਾਨਣਾ ਪਾਇਆ। ਰੂਪ ਸਿੱਧੂ ਨੇ ਮਾਸਟਰ ਕੇ. ਪੀ ਸਿੰਘ ਮਾਧੋਪੁਰ, ਸ਼ਰਨਦੀਪ ਦਰਾਵਾਂ, ਸੁਖਵਿੰਦਰ ਸਿੰਘ ਨੰਗਲ ਫੀਦਾ ਅਤੇ ਰਮੇਸ਼ ਸਿੰਘ ਘੌੜਾਵਾਹੀ ਜੀ ਨਾਲ ਵਿਸਥਾਰ ਵਿੱਚ ਫੋਨ ਰਾਹੀ ਗੱਲ ਬਾਤ ਕੀਤੀ। ਸ਼੍ਰੀ ਸਿੱਧੂ ਅਨੁਸਾਰ ਇਹ ਸਾਰੇ ਭਰਾ ਹੀ ਇਸ ਉਪਰਾਲੇ ਨਾਲ ਤਹਿ-ਦਿਲੋਂ ਸਹਿਮਤ ਹਨ ਤੇ ਸੱਭ ਨੇ ਹੀ ਇਸ ਉਪਰਾਲੇ ਵਿੱਚ ਯੋਗਦਾਨ ਪਾਉਣ ਦਾ ਵਾਅਦਾ ਕੀਤਾ ਹੈ। ਰੂਪ ਸਿੱਧੂ ਨੇ ਡਾਕਟਰ ਚਰਨਜੀਤ ਸਿੰਘ ਅਤੇ ਉਨ੍ਹਾਂ ਦੇ ਸਾਥੀਆਂ ਦਾ ਇਹ ਮੀਟਿੰਗ ਦਾ ਪ੍ਰਬੰਧ ਕਰਨ ਲਈ ਧੰਨਵਾਦ ਕੀਤਾ। ਅਗਰ ਇਹ ਸਿਲਸਿਲਾ ਇਸੇ ਜੋਸ਼ ਨਾਲ ਅੱਗੇ ਚੱਲਦਾ ਰਿਹਾ ਤਾਂ ਸਤਿਗੁਰੂ ਰਵਿਦਾਸ ਜੀ ਦੀ ਕਿਰਪਾ ਨਾਲ ਪੰਜਾਬ ਭਰ ਦੀਆਂ ਸਤਿਗੁਰੂ ਰਵਿਦਾਸ ਧਰਮ ਅਸਥਾਨ ਕਮੇਟੀਆਂ ਆਪਸੀ ਤਾਲ ਮੇਲ ਵਧਾ ਕੇ ਇੱਕ ਜਥੇਬੰਧਕ ਸੰਸਥਾ ਦਾ ਰੂਪ ਧਾਰਣ ਕਰ ਸਕਦੀਆਂ ਹਨ।