ਗਰੀਬ ਦੇਸ਼ ਦੇ ਅਮੀਰ ਨੇਤਾਵਾਂ ਦੇ ਸ਼ੌਂਕ ਅਵੱਲੇ।ਸਾਡੇ ਨੇਤਾਵਾਂ ਨੂੰ ਸ਼ੌਕ ਹਥਿਆਰਾਂ ਦਾ।

ਕਈ ਐਮ ਪੀ ਸਰਕਾਰੀ ਸੁਰੱਖਿਆ ਮਿਲਣ ਦੇ ਬਾਵਜੂਦ ਵੀ ਖਰੀਦਦੇ ਹਨ ਪਾਬੰਦੀਸ਼ੁਦਾ ਹਥਿਆਰ

29 ਅਗਸਤ, 2013 (ਕੁਲਦੀਪ ਚੰਦ) ਅੱਜ ਕੱਲ ਹਥਿਆਰ ਰੱਖਣਾ ਇੱਕ ਫੈਸ਼ਨ ਜਿਹਾ ਬਣ ਗਿਆ ਹੈ। ਹਥਿਆਰ ਰੱਖਣ ਦੇ ਸ਼ੌਕੀਨਾ ਵਿੱਚ ਰਾਜਨੀਤਿਵਾਨ ਵੀ ਕਿਸੇ ਤੋਂ ਘੱਟ ਨਹੀਂ ਹਨ। ਸਾਡੇ ਦੇਸ਼ ਦੇ ਕਈ ਰਾਜਨੀਤਿਕ ਨੇਤਾ ਆਪਣੇ ਕੋਲ ਨਿੱਜੀ ਘਾਤਕ ਹਥਿਆਰ ਰੱਖਦੇ ਹਨ। ਐਸੋਸਿਏਸ਼ਨ ਫਾਰ ਡੈਮੋਕ੍ਰੇਟਿਕ ਰਿਫੋਰਮਜ਼ ਅਤੇ ਇਲੈਕਸ਼ਨ ਵਾਚ ਸੰਸਥਾਵਾਂ ਵਲੋਂ ਪ੍ਰਾਪਤ ਜਾਣਕਾਰੀ ਅਨੁਸਾਰ ਇਸ ਸਮੇਂ ਸਾਡੇ ਦੇਸ਼ ਦੇ 82 ਸਾਂਸਦਾ ਕੋਲ ਘਾਤਕ ਹਥਿਆਰ ਹਨ। ਸੰਨ 1987 ਤੋਂ ਲੈ ਕੇ ਸੰਨ 2012 ਤੱਕ 756 ਗੰਨਾਂ ਸਾਂਸਦਾ ਅਤੇ ਵੀ ਆਈ ਪੀ ਨੂੰ ਵੇਚੀਆਂ ਗਈਆਂ ਹਨ। ਸੰਨ 1987 ਤੋਂ ਸੰਨ 2001 ਤੱਕ 675 ਗੰਨਾਂ, ਸੰਨ 2001 ਤੋਂ ਲੈ ਕੇ 2004 ਤੱਕ 39 ਗੰਨਾਂ ਅਤੇ ਸੰਨ 2005 ਤੋਂ ਲੈ ਕੇ ਸੰਨ 2012 ਤੱਕ 42 ਗੰਨਾਂ ਦੇਸ਼ ਦੇ ਸਾਂਸਦਾ ਅਤੇ ਵੀ ਆਈ ਪੀ ਨੂੰ ਵੇਚੀਆਂ ਗਈਆਂ ਹਨ। ਹੈਰਾਨੀ ਦੀ ਗੱਲ ਹੈ ਕਿ ਅਜਿਹੇ ਮਾਰੂ ਹਥਿਆਰ ਖ੍ਰੀਦਣ ਵਾਲੇ ਕਈ ਸਾਂਸਦਾਂ ਤੇ ਅਪਰਾਧਿਕ ਮਾਮਲੇ ਦਰਜ ਹਨ। ਸੰਨ 2001 ਤੋਂ ਲੈ ਕੇ ਸੰਨ 2012 ਤੱਕ 82 ਸਾਂਸਦਾ ਨੇ ਗੰਨਾਂ ਦੀ ਖਰੀਦ ਕੀਤੀ ਹੈ ਜਿਸ ਵਿੱਚੋਂ 18 ਸਾਂਸਦਾ ਤੇ ਗੰਭੀਰ ਕਿਸਮ ਦੇ ਅਪਰਾਧਿਕ ਮਾਮਲੇ ਜਿਵੇਂ ਕਿ ਕਤਲ, ਕਤਲ ਦੀ ਕੋਸ਼ਿਸ਼ ਕਰਨਾ ਅਤੇ ਅਗਵਾ ਕਰਨ ਦੇ ਮਾਮਲੇ ਦਰਜ ਹਨ ਜਦੋਂ ਇਹਨਾਂ ਸਾਂਸਦਾ ਨੂੰ ਇਹ ਗੰਨਾਂ ਵੇਚੀਆਂ ਗਈਆਂ। ਜੇਕਰ ਸੂਬੇ ਦੇ ਹਿਸਾਬ ਨਾਲ ਵੇਖੀਏ ਤਾਂ ਸਭ ਤੋਂ ਵੱਧ ਉਤਰ ਪ੍ਰਦੇਸ਼ ਦੇ 27 ਸਾਂਸਦਾ ਨੇ ਗੰਨਾਂ ਖਰੀਦੀਆਂ ਜਦਕਿ ਮਹਾਰਾਸ਼ਟਰ ਦੇ 2, ਪੰਜਾਬ ਦੇ 2, ਤਾਮਿਲਨਾਡੂ ਦੇ 6, ਉੜੀਸਾ ਦੇ 5, ਝਾਰਖੰਡ ਦੇ 2, ਪੱਛਮੀ ਬੰਗਾਲ ਦੇ 2, ਸਿੱਕਮ ਦੇ 1, ਮੇਘਲਿਆ ਦੇ 1, ਬਿਹਾਰ ਦੇ 2, ਗੁਜਰਾਤ ਦੇ 3, ਰਾਜਸਥਾਨ ਦੇ 6, ਕਰਨਾਟਕਾ ਦੇ 5, ਮੱਧ ਪ੍ਰਦੇਸ਼ ਦੇ 4, ਆਂਧਰਾ ਪ੍ਰਦੇਸ਼ ਦੇ 4, ਮਨੀਪੁਰ ਦੇ 1, ਦਿੱਲੀ ਦੇ 2, ਉਤਰਾਖੰਡ ਦੇ 1, ਦਮਨ ਐਡ ਦਿਉ ਦੇ 1 ਅਤੇ ਹਰਿਆਣਾ ਦੇ 2 ਸਾਂਸਦਾ ਨੇ ਗੰਨਾਂ ਖਰੀਦੀਆਂ ਹਨ। ਇਹਨਾਂ ਸਾਂਸਦਾ ਨੂੰ ਸਰਕਾਰ ਦੁਆਰਾ ਸਰਕਾਰੀ ਸੁਰੱਖਿਆ ਮੁਲਾਜ਼ਮ ਦਿੱਤੇ ਜਾਂਦੇ ਹਨ ਅਤੇ ਇਹਨਾਂ ਸਾਂਸਦਾ ਦੀ ਸੁਰੱਖਿਆ ਤੇ ਹਰ ਸਾਲ ਸੈਂਕੜੇ ਹਜ਼ਾਰਾਂ ਕਰੋੜ ਰੁਪਏ ਖਰਚ ਕੀਤੇ ਜਾਂਦੇ ਹਨ ਪਰ ਪਤਾ ਨਹੀਂ ਫਿਰ ਕਿਉਂ ਇਹ ਸਾਂਸਦ ਆਪਣੇ ਲਈ ਘਾਤਕ ਹਥਿਆਰ ਖਰੀਦਦੇ ਹਨ। ਜਿਹੜੇ 18 ਸਾਂਸਦਾ ਖਿਲਾਫ ਮਾਮਲੇ ਦਰਜ ਕੀਤੇ ਗਏ ਹਨ ਉਸ ਵਿੱਚੋਂ ਸਭ ਤੋਂ ਵੱਧ 44 ਅਪਰਾਧਿਕ ਮਾਮਲੇ ਉਤਰ ਪ੍ਰਦੇਸ਼ ਦੇ ਸਾਂਸਦ ਅਤੀਕ ਅਹਿਮਦ ਦੇ ਖਿਲਾਫ ਦਰਜ ਹਨ ਜਿਸ ਵਿੱਚੋਂ ਕਿ 26 ਗੰਭੀਰ ਕਿਸਮ ਦੇ ਅਪਰਾਧ ਹਨ। ਉਤਰ ਪ੍ਰਦੇਸ਼ ਦੇ ਹੀ ਸਾਂਸਦ ਰਾਕੇਸ਼ ਸੱਚਨ ਖਿਲਾਫ 7 ਜਿਸ ਵਿੱਚੋਂ 2 ਗੰਭੀਰ ਕਿਸਮ ਦੇ ਅਪਰਾਧ ਅਤੇ ਮਹਾਰਾਸ਼ਟਰ ਦੇ ਅਬੂ ਅਸਿਮ ਅਜਮੀ ਖਿਲਾਫ ਵੀ 7 ਅਪਰਾਧਿਕ ਮਾਮਲੇ ਦਰਜ ਹਨ ਜਿਸ ਵਿੱਚੋਂ 4 ਗੰਭੀਰ ਕਿਸਮ ਦੇ ਅਪਰਾਧ ਹਨ। ਜਿਹੜੀਆਂ ਗੰਨਾਂ ਸਾਂਸਦਾ ਦੁਆਰਾ ਖਰੀਦੀਆਂ ਜਾਂਦੀਆ ਹਨ ਉਹ ਕਸਟਮ ਵਿਭਾਗ ਦੁਆਰਾ ਜ਼ਬਤ ਕੀਤੀਆਂ ਗਈਆਂ ਆਟੋਮੈਟਿਕ ਅਤੇ ਸੈਮੀ ਆਟੋਮੈਟਿਕ ਪਾਬੰਦੀਸ਼ੁਦਾ ਘਾਤਕ ਗੰਨਾਂ ਹੁੰਦੀਆਂ ਹਨ। ਇਹ ਗੰਨਾਂ ਸਾਂਸਦਾ ਨੂੰ ਪਹਿਲਾਂ ਆਓ ਅਤੇ ਪਹਿਲਾਂ ਪਾਓ ਦੀ ਨੀਤੀ ਤਹਿਤ ਵੇਚੀਆਂ ਜਾਂਦੀਆ ਹਨ ਜਦਕਿ ਸਾਧਾਰਨ ਆਦਮੀ ਅਤੇ ਦੇਸ ਦੇ ਹੋਰ ਨਾਗਰਿਕ ਇਹ ਗੰਨ ਨਹੀਂ ਖਰੀਦ ਸਕਦੇ ਹਨ। ਇਸ ਤਰ੍ਹਾਂ ਦੇ ਹਥਿਆਰ ਫੌਜ਼ ਅਤੇ ਆਤੰਕਵਾਦੀ ਹੀ ਵਰਤਦੇ ਹਨ। ਜਿਹੜੀਆਂ ਗੰਨਜ਼ ਸਾਂਸਦਾਂ ਨੂੰ ਵੇਚੀਆਂ ਗਈਆਂ ਹਨ ਉਨ੍ਹਾਂ ਵਿਚੋਂ ਕਈਆਂ ਨੂੰ ਰੱਖਣਾ ਮਨਾਹੀ ਹੈ ਪਰ ਫਿਰ ਵੀ ਵੇਚੀਆਂ ਗਈਆਂ ਹਨ। ਪਰ ਇੱਥੇ ਇਹ ਪ੍ਰਸ਼ਨ ਉਠਦਾ ਹੈ ਕਿ ਅਜਿਹੀਆਂ ਘਾਤਕ ਗੰਨਾਂ ਸਾਂਸਦਾ ਨੂੰ ਕਿਉਂ ਵੇਚੀਆਂ ਜਾਂਦੀਆ ਹਨ ਜਦਕਿ ਉਹਨਾਂ ਨੂੰ ਪੁਲਿਸ ਦੀ ਸੁਰੱਖਿਆ ਮਿਲੀ ਹੁੰਦੀ ਹੈ। ਜਿਹਨਾਂ ਸਾਂਸਦਾ ਖਿਲਾਫ ਗੰਭੀਰ ਕਿਸਮ ਦੇ ਅਪਰਾਧਿਕ ਮਾਮਲੇ ਦਰਜ ਹਨ ਉਹਨਾਂ ਨੂੰ ਇਹ ਘਾਤਕ ਗੰਨਾਂ ਕਿਸ ਤਰ੍ਹਾਂ ਅਤੇ ਕਿਉਂ ਵੇਚੀਆਂ ਗਈਆਂ ਹਨ ਇਸਦੀ ਜਾਂਚ ਕਰਵਾਉਣੀ ਚਾਹੀਦੀ ਹੈ ਅਤੇ ਅਜਿਹੇ ਮਾਰੂ ਹਥਿਆਰਾਂ ਨੂੰ ਵੇਚਣ ਲਈ ਕੋਈ ਮਾਪ ਦੰਡ ਅਪਣਾਉਣੇ ਚਾਹੀਦੇ ਹਨ। 
ਕੁਲਦੀਪ ਚੰਦ
9417563054