ਸ਼੍ਰੀ ਗੁਰੂ ਰਵਿਦਾਸ ਵੈਲਫੇਅਰ ਸੁਸਾਇਟੀ ਦੇ ਪ੍ਰਧਾਨ ਸ਼੍ਰੀ ਰੂਪ ਸਿੱਧੂ ਦਾ

 ਲਾਇਨਜ਼ ਕਲੱਬ ਫਿਲੌਰ ਵਲੋਂ ਸਨਮਾਨ

ਫਿਲੌਰ, 5 ਅਗਸਤ ( ਇੰਦਰਜੀਤ ਚੰਧੜ) ਯੂ.ਏ.ਈ ਦੀਆਂ ਜੇਲ੍ਹਾਂ ਅੰਦਰ ਵੱਖ ਕੇਸਾਂ ਵਿੱਚ ਫਸੇ ਨੌਜਵਾਨਾਂ ਨੂੰ ਛੁਡਵਾਉਣ ਅਤੇ ਯੂ.ਏ.ਈ ਤੋਂ 150 ਦੇ ਕਰੀਬ ਵਿਅਕਤੀਆਂ ਦੀਆਂ ਮ੍ਰਿਤਕ ਦੇਹਾਂ ਨੂੰ  ਵਤਨ ਭੇਜਣ ਦੀ ਸੇਵਾ ਵਿੱਚ ਅਹਿਮ ਰੋਲ ਅਦਾ ਕਰਨ ਵਾਲੇ ਸ਼੍ਰੀ ਗੁਰੂ ਰਵਿਦਾਸ ਵੈਲਫੇਅਰ ਸੁਸਾਇਟੀ ਦੇ ਪ੍ਰਧਾਨ ਸ਼੍ਰੀ ਰੂਪ ਸਿੱਧੂ ਦਾ ਭਾਰਤ ਫੇਰੀ ਦੌਰਾਨ ਫਿਲੌਰ ਪੁੱਜਣ ਤੇ ਲਾਇਨਜ਼ ਕਲੱਬ ਫਿਲੌਰ ਰਾਜ ਵਲੋਂ ਜ਼ੋਰਦਾਰ ਸਵਾਗਤ ਕੀਤਾ ਗਿਆ ਇਸ ਮੌਕੇ ਸੰਬੋਧਨ ਕਰਦੇ ਹੋਏ ਸ਼ੀ ਰੂਪ ਸਿੱਧੂ ਨੇ ਕਿਹਾ ਕਿ ਉਨ੍ਹਾਂ

ਵਲੋਂ ਯੂ. ਏ. ਈ ਦੀ ਧਰਤੀ ਤੇ ਆਪਣੇ ਸਾਥੀਆਂ ਦੇ ਸਹਿਯੋਗ ਨਾਲ ਬਣਾਈ ਗਈ ਸ਼੍ਰੀ ਗੁਰੂ ਰਵਿਦਾਸ ਵੈਲਫੇਅਰ ਸੁਸਾਇਟੀ ਦਾ ਮੁੱਖ ਮਕਸਦ ਸਮਾਜ ਨੂੰ ਸੇਧ ਦੇਣਾ, ਲੋੜਵੰਦਾਂ ਦੀ ਮਦਦ ਕਰਨਾ, ਯੂ.ਏ.ਈ ਦੀਆਂ ਜੇਲ੍ਹਾਂ ਅੰਦਰ ਬੰਦ ਬੇਕਸੂਰ ਨੌਜਵਾਨਾ ਨੂੰ ਛੁਡਵਾਉਣ ਲਈ ਸੰਘਰਸ਼ ਕਰਨਾ, ਅਨਾਥ ਪਰਿਵਾਰਾਂ ਦੀਆਂ ਲੜਕੀਆਂ ਦੇ ਵਿਆਹਾਂ ਤੇ 11000 ਰੁਪਏ ਦਾ ਸ਼ਗਨ ਦੇਣਾ, ਹੋਣਹਾਰ ਤੇ ਗਰੀਬ ਵਿਦਿਆਰਥੀਆਂ ਨੂੰ ਸੁਸਾਇਟੀ ਵਲੋਂ ਮਦਦ ਕਰਨ ਤੋਂ ਇਲਾਵਾ ਲੋਕਾਂ ਨੂੰ ਕਾਨੂੰਨ ਸਬੰਧੀ ਸਹੀ ਜਾਣਕਾਰੀ ਪ੍ਰਦਾਨ ਕਰਨਾ ਹੈ।  ਇਸ ਮੌਕੇ ਉਨ੍ਹਾਂ ਜਲੰਧਰ ਨਜ਼ਦੀਕੀ ਪਿੰਡ ਨਿੱਜਰਾਂ ਦੇ ਯੂ.ਏ.ਈ ਗਏ ਇਕ ਨੌਜਵਾਨ ਦੇ ਕੇਸ ਦਾ ਜ਼ਿਕਰ ਕਰਦਿਆਂ ਦੱਸਿਆ ਕਿ ਨਿੱਜਰਾਂ ਦਾ ਇਕ ਨੌਜਵਾਨ ਰਾਜਬੀਰ ਸਿੰਘ ਜੋ 2009 ਵਿੱਚ ਮਾਰੇ ਗਏ ਇੱਕ ਪਾਕਿਸਤਾਨੀ ਨਾਗਰਿਕ ਦੇ ਕਤਲ ਕੇਸ ਵਿੱਚ ਝੂਠਾ ਫਸ ਗਿਆ ਸੀ ਜਿਸ ਨੂੰ 2009 ਵਿੱਚ ਭਾਰਤ ਤੋਂ ਦੁਬਾਰਾ ਦੁਬਈ ਜਾਣ ਸਮੇਂ ਉੱਥੇ ਦੀ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਸੀ। ਬਹੁਤ ਹੀ ਗਰੀਬ ਪਰਿਵਾਰ ਦੇ ਇਸ ਨੌਜਵਾਨ ਨੂੰ 23 ਮਾਰਚ 2010 ਵਿੱਚ ਫਾਂਸੀ ਦੀ ਸਜ਼ਾ ਸੁਣਾ ਦਿੱਤੀ ਗਈ। ਇਸ ਕੇਸ ਨੂੰ ਉਨ੍ਹਾਂ ਦੀ ਸੁਸਾਇਟੀ ਨੇ ਆਪਣੇ ਹੱਥਾਂ ਵਿੱਚ ਲੈਂਦੇ ਹੋਏ ਆਪਣੇ ਬਾਕੀ ਸਾਥੀਆਂ ਚੇਅਰਮੈਨ ਬਖਸ਼ੀ ਰਾਮ ਪਾਲ, ਸੁਦੇਸ਼ ਅਗਰਵਾਲ ਤੇ ਅਸੋਕ ਕੁਮਾਰ ਖਾਨਪੁਰ ਢੱਡਾ ਆਦਿ ਸਾਥੀਆਂ ਦੇ ਜੀਅ ਤੋੜ ਯਤਨਾਂ ਸਦਕਾ 1 ਲੱਖ 63 ਹਜ਼ਾਰ ਦਿਰਾਮ ਪੀੜਤ ਪਰਿਵਾਰ ਨੂੰ ਦੇਕੇ ਸਜ਼ਾ ਮੁਆਫ ਕਰਵਾਕੇ ਰਾਜਬੀਰ ਸਿੰਘ ਨੂੰ 1 ਜਨਵਰੀ 2013 ਨੂੰ ਰਿਹਾ ਕਰਵਾ ਕਿ ਭਾਰਤ ਭੇਜਿਆ।  ਉਨ੍ਹਾਂ ਦੱਸਿਆ ਕਿ ਸੁਸਾਇਟੀ ਅਨਾਥ ਲੜਕੀਆਂ ਦੇ ਵਿਆਹਾਂ ਤੇ 11000 ਰੁਪਏ ਸ਼ਗਨ ਅਤੇ ਹੋਣਹਾਰ ਤੇ ਗਰੀਬ ਵਿਦਿਆਰਥੀਆਂ ਦੀ ਪੜ੍ਹਾਈ ਵਿੱਚ ਵੀ ਵਡਮੁੱਲਾ ਯੋਗਦਾਨ ਪਾ ਰਹੀ ਹੈ।  ਸਮਾਗਮ ਦੇ ਅੰਤ ਵਿੱਚ ਲਾਇਨਜ਼ ਕਲੱਬ ਫਿਲੌਰ ਰਾਜ ਵਲੋਂ ਸ਼੍ਰੀ ਰੂਪ ਸਿੱਧੂ ਦਾ ਸਮਾਜ ਲਈ ਕੀਤੇ ਜਾ ਰਹੇ ਮਹਾਨ ਕਾਰਜਾਂ ਲਈ ਵਿਸ਼ੇਸ਼ ਸਨਮਾਨ ਕੀਤਾ ਗਿਆ। ਇਸ ਮੌਕੇ ਚਾਰਟਰ ਪ੍ਰਧਾਨ ਲਾਇਨ ਇੰਦਰਜੀਤ ਚੰਧੜ, ਸ਼੍ਰੀ ਧਰਮਪਾਲ ਪ੍ਰਧਾਨ ਲਾਇਨ ਸੰਦੀਪ ਕੁਮਾਰ, ਰਜਿੰਦਰ ਕਜਲੇ, ਲਾਇਨ ਅਜੇ ਕੁਮਾਰ, ਸਤਨਾਮ ਬੰਗੜ, ਬਲਬੀਰ ਸਿੰਘ ਪੰਚ, ਲਾਇਨ ਮਲਕੀਤ ਸਿੰਘ, ਲਾਇਨ ਨਰੇਸ਼ ਕੁਮਾਰ ਅਤੇ ਇਲਾਕੇ ਦੇ ਪਤਵੰਤੇ ਹਾਜ਼ਰ ਸਨ।