ਸਰਕਾਰੀ ਹੁਕਮਾਂ ਦੇ ਬਾਵਜੂਦ ਨਹਿਰਾਂ ਵਿੱਚ ਨਹਾਉਣਾਂ ਜਾਰੀ, ਪੁਲਿਸ ਪ੍ਰਸ਼ਾਸਨ ਬਦਿਆ ਮੂਕ ਦਰਸ਼ਕ। 

24 ਜੂਨ, 2013 (ਕੁਲਦੀਪ ਚੰਦ) ਨੰਗਲ ਸ਼ਹਿਰ ਜਿਸਦੀ ਸਥਾਪਨਾ ਵਿਸ਼ਵ ਪ੍ਰਸਿੱਧ ਭਾਖੜ੍ਹਾ ਡੈਮ ਬਣਨ ਕਾਰਨ ਹੋਈ ਹੈ। ਨੰਗਲ ਇਲਾਕਾ ਨਹਿਰਾਂ ਅਤੇ ਦਰਿਆ ਨਾਲ ਘਿਰਿਆ ਹੋਇਆ ਹੈ। ਇਥੋਂ ਸਤਲੁਜ ਦਰਿਆ ਅਤੇ ਦੋ ਨਹਿਰਾਂ ਸਤਲੁਜ ਯੁਮਨਾ ਲਿੰਕ  ਅਤੇ ਅਨੰਦਪੁਰ ਸਾਹਿਬ ਹਾਇਡਲ ਚੈਨਲ ਨਿਕਲਦੀਆਂ ਹਨ। ਇਨ੍ਹਾਂ ਨਹਿਰਾਂ ਵਿਚ ਹਰ ਸਾਲ ਦਰਜਨਾਂ ਵਿਅਕਤੀ ਨਹਾਉਣ ਲੱਗਿਆ, ਮੱਥਾ ਟੇਕਣ ਲੱਗਿਆ, ਕੱਪੜੇ ਧੋਣ ਲੱਗਿਆ, ਪਾਣੀ ਭਰਨ ਲੱਗਿਆਂ ਆਦਿ ਡੁਬ ਜਾਂਦੇ ਹਨ ਅਤੇ ਕਈ ਵਿਅਕਤੀ ਆਤਮ ਹੱਤਿਆ ਕਰਨ ਲਈ ਇਨਾਂ ਵਿੱਚ ਡੁਬਦੇ ਹਨ। ਇਨ੍ਹਾਂ  ਵਿੱਚ ਡੁੱਬੇ ਕਈ ਵਿਅਕਤੀਆਂ ਦੀਆਂ ਲਾਸ਼ਾਂ ਤੱਕ ਵੀ ਨਹੀ ਮਿਲਦੀਆਂ ਹਨ। ਇਹਨਾਂ ਨਹਿਰਾਂ ਦੇ ਪਾਣੀ ਦਾ ਵਹਾਓ ਇੰਨਾ ਤੇਜ ਹੈ ਕਿ ਅਗਰ ਇੱਕ ਵਾਰ ਕੋਈ ਵਿਅਕਤੀ ਇਸ ਵਿੱਚ ਰੁੜ੍ਹ ਜਾਏ ਜਾਂ ਡਿੱਗ ਪਏ ਤਾਂ ਮੁੜ ਕੇ ਬਾਹਰ ਨਹੀਂ ਨਿਕਲ ਸਕਦਾ। ਜਿਹੜਾ ਵਿਅਕਤੀ ਤੈਰਨਾ ਵੀ ਜਾਣਦਾ ਹੈ, ਉਸਦਾ ਵੀ ਅਚਾਨਕ ਡਿੱਗਣ ਤੋਂ ਬਾਅਦ ਬਚਣਾ ਬਹੁਤ ਮੁਸ਼ਕਿਲ ਹੁੰਦਾ ਹੈ। ਇਥੋਂ ਡੁਬਣ ਵਾਲੇ ਕੇਵਲ ਸਥਾਨਕ ਲੋਕ ਹੀ ਨਹੀ ਹਨ ਸਗੋਂ ਬਾਹਰੋਂ ਆ ਕੇ ਵੀ ਇਸ ਵਿੱਚ ਡੁਬ ਚੁਕੇ ਹਨ। ਪੁਲਿਸ ਵਲੋਂ ਅਜਿਹੇ ਵਿਅਕਤੀਆਂ ਨੂੰ ਬਚਾਉਣ ਲਈ ਗੋਤਾਖੋਰਾਂ ਦੀ ਪ੍ਰਬੰਧ ਕੀਤਾ ਗਿਆ ਹੈ। ਪ੍ਰਸ਼ਾਸ਼ਨ ਵਲੋਂ ਮਾਣਯੋਗ ਡਿਪਟੀ ਕਮਿਸ਼ਨਰ ਅਤੇ ਡੀ. ਐਸ.ਪੀ ਦੇ ਹੁਕਮਾਂ ਵਾਲੇ ਚੇਤਾਵਨੀ ਬਰੋਡ ਲਗਾਏ ਗਏ ਹਨਕਿ ਨਹਿਰ ਵਿੱਚ ਪਾਣੀ ਦਾ ਵਹਾਅ ਤੇਜ ਹੈ ਇਸ ਲਈ ਇਸ ਵਿੱਚ ਨਹਾਉਣਾ, ਕੱਪੜੇ ਧੋਣਾ ਖਤਰਨਾਕ ਹੈ ਅਤੇ ਕਨੂੰਨੀ ਜੁਰਮ ਹੈ ਅਜਿਹਾ ਕਰਨ ਵਾਲੇ ਵਿਅਕਤੀ ਵਿਰੁੱਧ ਬਣਦੀ ਕਨੂੰਨੀ ਕਾਰਵਾਈ ਕੀਤੀ ਜਾਵੇਗੀ ਇਸ ਸਭ ਦੇ ਬਾਵਜੂਦ ਇਨ੍ਹਾ ਨਹਿਰਾਂ ਅਤੇ ਦਰਿਆ ਵਿੱਚ ਲੋਕਾਂ ਖਾਸ ਤੋਰ ਤੇ ਨੌਜਵਾਨਾਂ ਦਾ ਨਹਾਉਣਾ ਜਾਰੀ ਹੈ। ਜਿਕਰਯੋਗ ਹੈ ਕਿ ਜਿੱਥੇ ਇਹਨਾਂ ਜਗ੍ਹਾ ਤੇ ਪ੍ਰਸ਼ਾਸਨ ਵਲੋਂ ਇਹ ਸਾਈਨ ਬੋਰਡ ਲਗਾਏ ਗਏ ਹਨ ਉਹਨਾਂ ਬੋਰਡ ਦੇ ਹੇਠਾ ਹੀ ਨਹਿਰ ਵਿੱਚ ਜਾਣ ਲਈ  ਪੌੜ੍ਹੀਆਂ ਬਣੀਆਂ ਹਨ ਜੋ ਇਹਨਾ ਹਾਦਸਿਆ ਦਾ ਮੁਖ ਕਾਰਣ ਬਣਦੀਆ ਹਨ। ਪ੍ਰਸ਼ਾਸਨ ਵਲੋਂ ਲਗਾਏ ਗਏ ਇਹਨਾਂ ਸਾਈਨ ਬੋਰਡ ਦਾ ਕੋਈ ਅਸਰ ਨਹੀ ਹੁੰਦਾਂ ਦਿਖ ਰਿਹਾ ਅਜੇ ਵੀ ਲੋਕ ਇਹਨਾਂ ਥਾਵਾਂ ਉੱੇਤੇ ਨਹਾਉਦੇ ਹਨ ਤੇ ਕੱਪੜੇ ਧੋ ਰਹੇ ਹਨ ਤੇ ਪ੍ਰਸ਼ਾਸਨ ਵਲੋਂ ਇਹਨਾਂ ਲੋਕਾਂ ਤੇ ਅਜੇ ਤੱਕ ਕੋਈ ਵੀ ਕਾਨੂੰਨੀ ਕਾਰਵਾਈ ਨਹੀ ਕੀਤੀ ਗਈ। ਨੰਗਲ ਪੁਲਿਸ ਅਨੁਸਾਰ ਪਿਛਲੇ ਲੰਬੇ ਸਮੇਂ ਦੌਰਾਨ ਕਿਸੇ ਵੀ ਅਜਿਹੇ ਵਿਅਕਤੀ ਜੋਕਿ ਇਨ੍ਹਾਂ ਥਾਵਾਂ ਤੇ ਨਹਾ ਰਿਹਾ ਹੋਵੇ ਖਿਲਾਫ ਕਾਰਵਾਈ ਨਹੀਂ ਕੀਤੀ ਗਈ ਹੈ। ਇਨ੍ਹਾਂ ਨਹਿਰਾਂ ਅਤੇ ਦਰਿਆ ਤੇ ਅਕਸਰ ਪੁਲਿਸ ਮੁਲਾਜਿਮ ਗਸ਼ਤ ਕਰਦੇ ਹਨ ਪਰੰਤੂ ਕਿਸੇ ਅਧਿਕਾਰੀ ਨੇ ਇਨ੍ਹਾਂ ਨਹਾਉਣ ਵਾਲਿਆਂ  ਨੂੰ ਰੋਕਣਾ ਅਤੇ ਕਨੂੰਨੀ ਕਾਰਵਾਈ ਕਰਨਾ ਜਰੂਰੀ ਨਹੀਂ ਸਮਝਿਆ ਹੈ ਜਿਸ ਕਾਰਨ ਇਹ ਸਭ ਲਗਾਤਾਰ ਚੱਲ ਰਿਹਾ ਹੈ। 
ਕੁਲਦੀਪ ਚੰਦ
9417563054