UPKAAR

WEBSITE BY SHRI GURU RAVIDAS WELFARE SOCIETY

                          Shri Guru Ravidas Welfare Society

HOME PAGE

ਸੋਹੰ

 

ਸੋਹੰ

 

ਪਟਿਆਲਾ ਜ਼ਿਲੇ ਦੇ ਸਦਰਪੁਰਾ ਪਿੰਡ ਵਿੱਚ ਆਦਿ ਧਰਮੀ ਬਰਾਦਰੀ ਦੇ ਲੋਕਾਂ ਦੇ

ਬਾਈਕਾਟ ਦਾ ਮਸਲਾ ਚਮਾਰ ਮਹਾਂ ਸਭਾਂ ਦੀਆਂ ਕੋਸ਼ਿਸ਼ਾਂ ਨਾਲ ਹੱਲ ਹੋਇਆ

 – ਪਰਮਜੀਤ ਸਿੰਘ ਕੈਂਥ ਪਰਧਾਨ ਚਮਾਰ ਮਹਾਂ ਸਭਾ ਪੰਜਾਬ

ਪਟਿਆਲਾ ਜ਼ਿਲੇ ਦੀ ਸਮਾਣਾ ਸਬ ਡਵੀਜ਼ਨ ਦੇ ਪਿੰਡ ਸਦਰਪੁਰਾ ਵਿੱਚ ਆਦਿ ਧਰਮੀ ਬਰਾਦਰੀ ਅਤੇ ਜੱਟ ਬਰਾਦਰੀ ਵਿਚਕਾਰ ਕਿਸੇ ਛੋਟੀ ਗੱਲ ਤੋਂ ਸ਼ੁਰੂ ਹੋਇਆ ਝਗੜਾ ਏਨਾ ਵਧ ਗਿਆ ਕਿ ਜੱਟ ਬਰਾਦਰੀ ਦੇ ਲੋਕਾਂ ਨੇ ਆਦਿ ਧਰਮੀ ਬਰਾਦਰੀ ਦਾ ਬਾਈਕਾਟ ਕਰਨ ਦਾ ਐਲਾਨ ਕਰ ਦਿੱਤਾ । ਭਾਰਤ ਦੇ ਅਜ਼ਾਦ ਹੋਣ ਦੇ 65 ਸਾਲ ਬਾਦ ਵੀ ਜਾਤ-ਪਾਤ ਦੇ ਨਾਮ ਤੇ ਗ਼ਰੀਬਾਂ ਨੂੰ ਦੁਰਕਾਰਨ ਅਤੇ ਦਬਾ ਕੇ ਰੱਖਣ ਦੀਆਂ ਅਜਿਹੀਆਂ ਘਟਨਾਵਾਂ ਹੁੰਦੀਆ ਹੀ ਰਹਿੰਦੀਆਂ ਹਨ।  ਦੁੱਖ ਦੀ ਗੱਲ ਤਾਂ ਇਹ ਹੈ ਕਿ ਜਿਸ ਦਿਨ ਸਾਰਾ ਦੇਸ਼ ਅਜ਼ਾਦੀ ਦਾ ਜਸ਼ਨ ਮਨਾ ਰਿਹਾ ਸੀ ਉਸੇ ਦਿਨ ਸ਼ਾਮ ਨੂੰ ਜੱਟਾਂ ਨੇ ਪਿੰਡ ਦੇ ਗੁਰਦਵਾਰਾ ਸਾਹਿਬ ਤੋਂ ਲਾਊਡ ਸਪੀਕਰ ਰਾਹੀ ਇਹ ਐਲਾਨ ਕਰ ਦਿੱਤਾ ਕਿ ਜੱਟਾਂ ਵਲੋਂ ਚਮਾਰ ਬਰਾਦਰੀ ਦਾ ਬਾਈਕਾਟ ਕਰ ਦਿੱਤਾ ਗਿਆ ਹੈ ਅਤੇ ਕੋਈ ਵੀ ਅਖੌਤੀ ਉੱਚ ਜਾਤਾਂ ਵਾਲਾ ਆਦਮੀ ਇਸ ਬਰਾਦਰੀ ਨਾਲ ਕੋਈ ਲੈਣ ਦੇਣ ਨਹੀ ਰੱਖੇਗਾ । ਇਸ ਹੁਕਮ ਦੀ ਪਾਲਣਾ ਨਾ ਕਰਨ ਵਾਲੇ ਲਈ ਪੰਜਾਹ ਹਜ਼ਾਰ ਜੁਰਮਾਨਾ ਵੀ ਐਲਨਿਆ ਗਿਆ । ਪਿੰਡ ਦੇ ਜ਼ਿਆਦਾਤਰ ਆਦਿ ਧਰਮੀ (ਚਮਾਰ) ਲੋਕਾਂ ਦੇ ਜੀਵਨ ਨਿਰਬਾਹ ਦਾ ਸਾਧਨ ਖੇਤਾਂ ਵਿੱਚ ਮਜ਼ਦੂਰੀ ਹੋਣ ਕਰਕੇ ਹੀ ਇਸ ਬਾਈਕਾਟ ਨੇ ਗ਼ਰੀਬਾਂ ਦੀਆਂ ਮੁਸ਼ਕਲਾਂ ਅਸਹਿ ਬਣਾ ਦਿੱਤੀਆਂ । ਇਸ ਘਟਨਾ ਤੋਂ ਕਈ ਦਿਨ ਬਾਦ ਤੱਕ ਵੀ ਪ੍ਰਸ਼ਾਂਸ਼ਨ , ਪੁਲਿਸ ਜਾਂ ਸਰਕਾਰ ਵਲੋਂ ਕੋਈ ਕਾਰਵਾਈ ਨਹੀ ਕੀਤੀ ਗਈ । ਚਮਾਰ ਮਹਾਂ ਸਭਾਂ ਦੇ ਪਰਧਾਨ ਪਰਮਜੀਤ ਸਿੰਘ ਕੈਂਥ ਜੀ ਨੇ ਇਸ ਮੰਦਭਾਗੀ ਖਬਰ ਸੁਣਦੇ ਸਾਰ ਹੀ ਆਪਣੇ ਨੁਮਾਇੰਦੇ ਉਸ ਪਿੰਡ ਵਿਚ ਭੇਜਕੇ ਸਾਰੇ ਮਸਲੇ ਬਾਰੇ ਜਾਣਕਾਰੀ ਪ੍ਰਾਪਤ ਕੀਤੀ ਅਤੇ ਇਸ ਮਸਲੇ ਨੂੰ ਸੁਲਝਾਉਣ ਲਈ ਲੱਕ ਬੰਨ ਲਿਆ । ਜਦ ਉਨ੍ਹਾ ਨੇ ਡਿਪਟੀ ਕਮਿਸ਼ਨਰ ਜੀ. ਕੇ. ਸਿੰਘ ਧਾਲੀਵਾਲ ਨਾਲ ਗੱਲ ਕੀਤੀ ਤਾਂ ਡਿਪਟੀ ਕਮਿਸ਼ਨਰ ਨੇ ਕਿਹਾ ਕਿ ਉਸਨੂੰ ਤਾਂ ਇਸ ਬਾਰੇ ਜਾਣਕਾਰੀ ਹੀ ਨਹੀ ਹੈ । ਫਿਰ ਕੈਂਥ ਜੀ ਨੇ ਇਹ ਮਾਮਾਲਾ ਡੀ. ਆਈ. ਜੀ ਐਲ ਕੇ ਯਾਦਵ ਦੇ ਨੋਟਿਸ ਵਿੱਚ ਵੀ ਲਿਆਂਦਾ ਤਾਂ ਉਨ੍ਹਾਂ ਨੇ ਭਰੋਸਾ ਦੁਆਇਆ ਕਿ ਉਹ ਬਹੁਤ ਜਲਦ ਹੀ ਇਸ ਇਸ ਮਸਲੇ ਨੂੰ ਹੱਲ ਕਰਨਗੇ ਅਤੇ ਹੱਲ ਵੀ ਅਜਿਹਾ ਹੋਵੇਗਾ ਜੋ ਚਮਾਰ ਬਰਾਦਰੀ ਦੇ ਲੋਕਾਂ ਨੂੰ ਮੰਨਜ਼ੂਰ ਹੋਵੇ ।  ਸ਼੍ਰੀ ਕੈਂਥ  ਨੇ ਕਿਹਾ ਕਿ ਇਹ ਬਹੁਤ ਹੀ ਹੈਰਾਨੀ ਦੀ ਗੱਲ ਹੈ ਕਿ ਏਨਾ ਸਮਾ ਬੀਤਣ ਦੇ ਬਾਅਦ ਵੀ ਪ੍ਰਸਾਸ਼ਨ ਬੇਖਬਰ ਸੀ। ਉਨਾਂ ਕਿਹਾ ਕਿ ਚਮਾਰ ਮਹਾਂ ਸਭਾ ਆਪਣੇ ਲੋਕਾਂ ਤੇ ਇਸ ਤਰਾਂ ਦੀਆਂ ਜ਼ਿਆਦਤੀਆਂ ਬਰਦਾਸ਼ਤ ਨਹੀ ਕਰੇਗੀ ਅਤੇ ਅਗਾਂਹ ਤੋਂ ਅਜਿਹਾ ਕਰਨ ਵਾਲਿਆ ਨੂੰ ਸਖਤੀ ਨਾਲ ਨਜਿੱਠਿਆ ਜਾਏਗਾ । ਉਨ੍ਹਾਂ ਵਲੋ ਪੁਲਿਸ ਦੇ ਉੱਚ ਅਧਿਕਾਰੀਆਂ, ਡਿਪਟੀ ਕਮਿਸ਼ਨਰ ਅਤੇ ਡੀ.ਆਈ. ਜੀ ਤੱਕ  ਪਹੁੰਚ ਕਰਨ ਤੋਂ ਬਾਦ ਪ੍ਰਸ਼ਾਸਨ ਹਰਕਤ ਵਿੱਚ ਆਇਆ । ਆਖਰਕਾਰ 19 ਅਗਸਤ ਸ਼ਾਮ ਨੂੰ ਸ਼੍ਰੀ ਯਾਦਵ ਜੀ ਨੇ ਡੀ ਐਸ ਪੀ ਸੇਵਾ ਸਿੰਘ ਮੱਲੀ, ਸਮਾਣਾ ਦੇ ਥਾਣਾ ਸ਼ਹਿਰੀ ਮੁਖੀ ਜੀ ਐਸ ਸਿਕੰਦ ਅਤੇ ਥਾਣਾ ਪਸਿਆਣਾ ਦੇ ਮੁਖੀ ਅਸ਼ੋਕ ਸ਼ਰਮਾ ਨੂੰ ਇਹ ਮਸਲਾ ਹੱਲ ਕਰਨ ਲਈ ਪਿੰਡ ਭੇਜਿਆ । ਪੁਲਿਸ ਅਧਿਕਾਰੀਆਂ ਨੇ ਪਿੰਡ ਵਿੱਚ ਜਾਕੇ ਸਾਰੇ ਮਸਲੇ ਦੀ ਜਾਂਚ ਕੀਤੀ ਅਤੇ ਆਖਰ ਵਿੱਚ ਸੱਭ ਪਿੰਡ ਵਾਸੀਆ ਦੇ ਸਾਹਮਣੇ ਬਾਈਕਾਟ ਦਾ ਐਲਾਨ ਕਰਨ ਵਾਲੇ ਜੱਟਾਂ ਕੋਲੋਂ ਮਾਫੀ ਮੰਗਵਾ ਕੇ ਦੋਹਾਂ ਧਿਰਾਂ ਦੀ ਸੁਲਹ ਕਰਵਾ ਦਿੱਤੀ ਗਈ ।ਇਸ ਵਕਤ ਦੋਹਾਂ ਧਿਰਾਂ ਦੇ ਨੁਮਾਇੰਦੇ,  ਪਿੰਡ ਦੇ ਸਰਪੰਚ ਗੁਰਸੇਵਕ ਸਿੰਘ ਅਤੇ ਸਾਬਕਾ ਸਰਪੰਚ ਅਵਤਾਰ ਸਿੰਘ ਵੀ ਮੌਜੂਦ ਸਨ ।  ਪਰਧਾਨ ਸ਼੍ਰੀ ਪਰਮਜੀਤ ਸਿੰਘ ਕੈਂਥ ਜੀ ਨੇ ਫੋਨ ਰਾਹੀ ਹੋਈ ਗੱਲ ਬਾਤ ਦੌਰਾਨ ਦੱਸਿਆ ਕਿ ਹੁਣ ਪਿੰਡ ਵਿੱਚ ਹਲਾਤ ਫਿਰ ਪਹਿਲਾਂ ਵਰਗੇ ਸੁਖਾਵੇਂ ਹੋ ਗਏ ਹਨ । ਦੁੱਖ ਦੀ ਗੱਲ ਤਾਂ ਇਹ ਹੈ ਕਿ ਅੱਜ ਵੀ ਪੰਜਾਬ ਵਰਗੀ ਧਰਤੀ ਤੇ ਜਿਸਨੂੰ ਅਸੀ ਗਰੂਆਂ ਪੀਰਾਂ ਦੀ ਧਰਤੀ ਆਖਦੇ ਹਾਂ ਅਤੇ ਜਿਥੇ ਗੁਰੂਆਂ ਨੇ ਜਾਤਾਂ ਪਾਤਾਂ ਦਾ ਖੰਡਨ ਕਰਦੇ ਹੋਈ ਬਾਣੀ ਦੀ ਦਾਤ ਨਾਲ ਲੋਕਾਂ ਨੂੰ ਬਖਸ਼ਿਆ ਹੋਇਆ ਹੈ, ਉੱਥੇ ਅਗਰ ਆਪਣੇ ਆਪ ਨੂੰ ਉੱਚ ਜਾਤੀ ਸਮਝਣ ਵਾਲੇ ਲੋਕ ਅਜੇ ਵੀ ਗ਼ਰੀਬਾਂ ਨਾਲ ਅਜਿਹਾ ਵਰਤਾਰਾ ਕਰਦੇ ਹਨ ਤਾਂ ਬਹੁਤ ਹੀ ਨਿੰਦਣਯੋਗ ਹੈ ।ਖਾਸ ਕਰਕੇ ਗੁਰਦਵਾਰਾ ਸਾਹਿਬ ਜੀ ਵਰਗੇ ਪਵਿਤਰ ਸਥਾਨ ਨੂੰ ਅਤੇ ਉਸਦੇ ਲਾਊਡ ਸਪੀਕਰ ਨੂੰ ਅਜਿਹੇ ਐਲਾਨ ਕਰਨ ਲਈ ਵਰਤਣਾ ਹੋਰ ਵੀ ਮੰਦਭਾਗਾ ਹੈ । ਬੇਸ਼ੱਕ ਪਿੰਡ ਦੇ ਲੋਕਾਂ ਵਿੱਚ ਸੁਲਹ ਤਾਂ ਕਰਵਾ ਦਿੱਤੀ ਗਈ ਹੈ ਪਰ ਅਜਿਹਾ ਕਰਨ ਵਾਲਿਆਂ ਤੇ ਕਨੂੰਨੀ ਕਾਰਵਾਈ ਜ਼ਰੂਰ ਹੋਣੀ ਚਾਹੀਦੀ ਹੈ ਤਾਂ ਕਿ ਅਜਿਹੀਆਂ ਮੰਦਭਾਗੀਆਂ ਘਟਨਾਵਾਂ ਹੋਰ ਨਾ ਵਾਪਰਨ ।